
ਫਗਵਾੜਾ 6 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਹਿਊਮਨ ਰਾਈਟਸ ਕੌਂਸਲ ਦੀ ਕੌਮੀ ਪ੍ਰਧਾਨ ਆਰਤੀ ਰਾਜਪੂਤ ਆਪਣੇ ਪਤੀ ਅਸ਼ਵਨੀ ਕੁਮਾਰ ਦੇ ਨਾਲ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਚੰਚਲ ਸੇਠ ਅਤੇ ਕਮੇਟੀ ਮੈਂਬਰਾਂ ਨੇ ਮਾਤਾ ਰਾਣੀ ਦੀ ਚੁੰਨੀ ਅਤੇ ਨਾਰੀਅਲ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਦੇ ਨਾਲ ਹਾਜ਼ਰ ਆਏ ਕੌਂਸਲ ਦੀ ਫਗਵਾੜਾ ਸ਼ਾਖਾ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਅਤੇ ਨਵ-ਨਿਯੁਕਤ ਸ਼ਾਖਾ ਸਕੱਤਰ ਸੁਖਬੀਰ ਸਿੰਘ ਕਿੰਨੜਾ ਦਾ ਵੀ ਮੰਦਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਚੰਚਲ ਸੇਠ ਨੇ ਕਿਹਾ ਕਿ ਆਰਤੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਨੁੱਖੀ ਅਧਿਕਾਰਾਂ ਪ੍ਰਤੀ ਜੋ ਜਾਗਰੂਕਤਾ ਦੀ ਲਹਿਰ ਪੈਦਾ ਕੀਤੀ ਜਾ ਰਹੀ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਇੱਕ ਜਾਗਰੂਕ ਨਾਗਰਿਕ ਹੀ ਆਪਣੇ ਸੰਵਿਧਾਨਕ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਸਮਰੱਥ ਹੁੰਦਾ ਹੈ। ਆਰਤੀ ਰਾਜਪੂਤ ਨੇ ਸਨਮਾਨ ਲਈ ਮੰਦਰ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵੀ ਸਰਗਰਮੀ ਨਾਲ ਕੰਮ ਕਰਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣਾ ਵੀ ਉਸ ਦੀ ਸੰਸਥਾ ਦੀ ਤਰਜੀਹ ਹੈ। ਫਗਵਾੜਾ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਅਤੇ ਸਕੱਤਰ ਸੁਖਬੀਰ ਸਿੰਘ ਕਿੰਨੜਾ ਨੇ ਵੀ ਕਿਹਾ ਕਿ ਕੌਮੀ ਪ੍ਰਧਾਨ ਆਰਤੀ ਰਾਜਪੂਤ ਦੀ ਅਗਵਾਈ ਹੇਠ ਉਹ ਬਤੌਰ ਅਹੁਦੇਦਾਰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮਨੁੱਖੀ ਅਧਿਕਾਰ ਕੌਂਸਲ ਦੇ ਫਗਵਾੜਾ ਉਪ ਪ੍ਰਧਾਨ ਸਤਵਿੰਦਰ ਸਿੰਘ ਭਮਰਾ, ਜਲ ਸੇਵਾ ਕਮੇਟੀ ਦੇ ਪ੍ਰਧਾਨ ਵਿਪਨ ਖੁਰਾਣਾ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ, ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ ਅਤੇ ਮੰਦਰ ਕਮੇਟੀ ਸਕੱਤਰ ਕਿੱਟੀ ਬਸਰਾ ਆਦਿ ਹਾਜ਼ਰ ਸਨ।
