
ਮਾਨਸਾ 3 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਜੀ ਅਗਵਾਈ ਹੇਠ ਹੋਈ । ਜਿਸ ਵਿੱਚ ਆਉਣ ਵਾਲੀ 12 ਅਗਸਤ ਦੀ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਬਰਸੀ ਦੀ ਵਿਉਂਤਬੰਦੀ ਕੀਤੀ ਗਈ ਅਤੇ ਸੂਬਾ ਕਮੇਟੀ ਵੱਲੋਂ ਪਿੰਡ ਕੁਲਰੀਆਂ ਜ਼ਮੀਨੀ ਸੰਘਰਸ਼ ਦੇ ਸੰਬੰਧ ਵਿੱਚ 15 ਅਗਸਤ ਨੂੰ ਸਾਰੇ ਪੰਜਾਬ ਵਿੱਚ ਕਾਲੇ ਝੰਡੇ ਦਿਖਾਉਣ ਦੇ ਪ੍ਰੋਗਰਾਮ ਨੂੰ ਜਿਲ੍ਹੇ ਵਿੱਚ ਜ਼ੋਰ ਸ਼ੋਰ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਗਈ । ਇਸ ਮੌਕੇ ‘ਤੇ ਸਾਬਕਾ ਫੌਜੀ ਨਾਲ ਮਾਰੀ ਠੱਗੀ ਦੇ ਸੰਬੰਧ ਵਿੱਚ ਅੱਜ ਮੁਥੂਟ ਬੈਂਕ ਦੀ ਮੈਨੇਜਮੈਂਟ ਵੱਲੋਂ ਦਿੱਤੇ ਗਏ ਵਿਸ਼ਵਾਸ ਤੋਂ ਮੁਕਰਨ ਉਪਰੰਤ, ਧਰਨੇ ‘ਤੇ ਬੈਠੇ ਜਥੇਬੰਦੀ ਦੇ ਕਿਸਾਨਾਂ ਵਿੱਚ ਰੋਸ ਨੂੰ ਦੇਖਦਿਆਂ ਧਰਨੇ ਨੂੰ ਹੋਰ ਜਰਬਾਂ ਦਿੰਦਿਆਂ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕਿ 22 ਤਰੀਕ ਤੋਂ ਲੈ ਕੇ ਦਿੱਤੇ ਜਾ ਰਹੇ ਧਰਨੇ ਦੇ ਪ੍ਰਤੀਕਰਮ ਵਜੋਂ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ਼ ਦੇਣ ਦਾ ਰਸਤਾ ਨਹੀ ਅਪਣਾਇਆ ਗਿਆ ਸਗੋਂ ਮਸਲੇ ‘ਤੇ ਚੁੱਪ ਧਾਰ ਰੱਖੀ ਹੈ । ਉਨ੍ਹਾਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਥੂਟ ਬੈਂਕ ਦੇ ਅਧਿਕਾਰੀਆਂ ਉੱਤੇ ਠੱਗੀ ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ । ਇਸ ਮੌਕੇ ਜਿਲ੍ਹਾ ਮੀਟਿੰਗ ਵਿੱਚ ਸੰਯੁਕਤ ਮੋਰਚੇ ਦੇ ਆਏ ਪ੍ਰੋਗਰਾਮਾਂ ਨੂੰ ਇੰਨ ਬਿੰਨ ਲਾਗੂ ਕਰਨ ਦਾ ਅਹਿੱਦ ਲਿਆ ਗਿਆ । ਮੀਟਿੰਗ ਵਿੱਚ ਸੂਬਾ ਕਮੇਟੀ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲਾ ਕਮੇਟੀ ਅਤੇ ਬਲਾਕ ਕਮੇਟੀਆਂ ਸਾਮਲ ਹੋਈਆਂ ।
