ਬੁਢਲਾਡਾ, 4 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਭਾਰਤ ਪਾਕਿਸਤਾਨ ਦੀ ਲੜਾਈ ਦੌਰਾਨ ਸ਼ਹੀਦੀ ਜਾਮਾ ਪਹਿਨਣ ਵਾਲੇ ਬੁਢਲਾਡਾ ਸ਼ਹਿਰ ਦੇ ਜੰਮਪਲ ਕੇ. ਕੇ. ਗੌੜ ਦੀ ਅੱਜ ਬਰਸੀ ਮੌਕੇ ਸ਼ਹਿਰ ਦੇ ਚੌਂਕ ‘ਚ ਲੱਗੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉੱਥੇ ਉਸਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਸ ਇਲਾਕੇ ਦੇ ਲੋਕ ਕੈਪਟਨ ਕੇ. ਕੇ. ਗੌੜ ਦੀ ਸ਼ਹਾਦਤ ਨੂੰ ਦੇਸ਼ ਦੀ ਆਜ਼ਾਦੀ ਦਾ ਇੱਕ ਹਿੱਸਾ ਮੰਨਦੇ ਹਨ ਅਤੇ ਮਾਣ ਮਹਿਸੂਸ ਕਰਦੇ ਹਨ ਕਿ ਜੰਗ ਏ ਆਜ਼ਾਦੀ ਦੀ ਲੜਾਈ ‘ਚ ਬੁਢਲਾਡਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਸ਼ਹੀਦ ਕੈਪਟਨ ਕੇ ਕੇ ਗੌੜ ਜੀ ਦੇ 53ਵੇਂ ਬਲਿਦਾਨ ਦਿਵਸ ਨੂੰ ਮਨਾਉਂਦੇ ਹੋਏ, ਪੂਰੇ ਇਲਾਕੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਨੇਕੀ ਫਾਉਂਡੇਸ਼ਨ ਵੱਲੋਂ ਸ਼ਹੀਦ ਕੈਪਟਨ ਕੇ ਕੇ ਗੌੜ ਦੀ ਯਾਦ ਨੂੰ ਤਾਜ਼ਾ ਕਰਦਿਆਂ ਫ਼ੌਜੀ ਰਿਵਾਜਾਂ ਨਾਲ ਇੱਕ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਜਿੱਥੇ ਕੈਪਟਨ ਦੇ ਪਰਿਵਾਰ ਤੋਂ ਉਹਨਾਂ ਦੇ ਭਰਾ ਸਤੀਸ਼ ਗੌੜ, ਤਪਨ ਗੌੜ ਇਲਾਵਾ ਸ਼ਹੀਦ ਗੁਰਤੇਜ ਸਿੰਘ ਬੀਰੇਵਾਲਾ ਡੋਗਰਾ ਸਮੇਤ ਤਹਿਸੀਲ ਦੇ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਸਮੇਂ ਜਥੇਦਾਰ ਗਿਆਨ ਸਿੰਘ ਗਿੱਲ ਵੱਲੋਂ ਕੈਪਟਨ ਦੇ ਬੁੱਤ ਦੇ ਆਲੇ ਦੁਆਲੇ ਲੋਹੇ ਦਾ ਜੰਗਲਾ ਲਗਵਾਉਣ ਅਤੇ ਨੇਕੀ ਫਾਉਂਡੇਸ਼ਨ ਵੱਲੋਂ ਟਾਈਲਾਂ ਦਾ ਕੰਮ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬੇਦਾਰ ਬਲਦੇਵ ਸਿੰਘ, ਸੂਬੇਦਾਰ ਮੇਜਰ ਯਾਦਵਿੰਦਰ, ਸੂਬੇਦਾਰ ਸਵਰਨ ਸਿੰਘ, ਸੂਬੇਦਾਰ ਕੇਵਲ ਸਿੰਘ, ਸੂਬੇਦਾਰ ਸੁਖਦੇਵ ਸਿੰਘ ਆਦਿ ਵੱਲੋਂ ਸੰਬੋਧਨ ਕਰਦਿਆਂ ਕੈਪਟਨ ਗੌੜ ਅਤੇ ਹੋਰ ਸ਼ਹੀਦਾਂ ਦੇ ਜੀਵਨ ਵਾਰੇ ਚਾਨਣਾ ਪਾਈ ਗਈ। ਸ਼ਰਧਾਂਜਲੀ ਦੇਣ ਲਈ ਨੇਕੀ ਟੀਮ ਤੋਂ ਇਲਾਵਾ , ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰ, ਐਕਸ ਸਰਵਿਸਮੈਨ ਲੀਗ ਦੇ ਮੈਂਬਰ ਅਤੇ ਅਹੁਦੇਦਾਰ, ,ਮਾਸਟਰ ਕੁਲਵੰਤ ਸਿੰਘ ਕੈਪਟਨ ਕੇ. ਕੇ. ਗੌੜ ਕਲੱਬ, ਕੈਪਟਨ ਕੇ ਕੇ ਗੌੜ ਰਿਕਸ਼ਾ ਯੂਨੀਅਨ, ਤਰਜੀਤ ਸਿੰਘ ਚਹਿਲ, ਦਿਲਬਾਗ ਸਿੰਘ ਗੱਗੀ, ਸ਼ਹਿਰ ਦੇ ਪਤਿਵੰਤੇ ਸੱਜਣ ਅਤੇ ਸੰਸਥਾਵਾਂ ਆਦਿ ਸ਼ਾਮਿਲ ਸਨ।