
ਬੁਢਲਾਡਾ 12 ਅਗਸਤ(ਸਾਰਾ ਯਹਾਂ/ਅਮਨ ਮੇਹਤਾ ): ਸਥਾਨਕ ਸ਼ਹਿਰ ਅਤੇ ਹਲਕੇ ਦੀਆਂ ਇਸ ਲੰਬੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਐਸਡੀਐਮ ਕਾਲਾ ਰਾਮ ਕਾਂਸਲ ਨੂੰ ਮਿਲ ਕੇ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸ਼ਹਿਰ ਦੀਅਾਂ ਗਊਸ਼ਾਲਾਵਾਂ ਲਈ ਜੋ ਰਕਮ ਨਗਰ ਕੌਂਸਲ ਵਿੱਚ ਆਈ ਹੈ ਉਹ ਤੁਰੰਤ ਗਊਸ਼ਾਲਾਵਾਂ ਨੂੰ ਜਾਰੀ ਕੀਤੀ ਜਾਵੇ, ਨੈਸ਼ਨਲ ਹਾਈਵੇ ਤੇ ਪੁਲ ਦੇ ਨਿਰਮਾਣ ਲਈ ਜੋ ਦੁਕਾਨਾਂ ਤੇ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਹਨ ਉਨ੍ਹਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ, ਸ਼ਹਿਰ ਦੇ ਵਾਰਡ ਨੰਬਰ 8, 6, 9, 15 ਸਮੇਤ ਪੂਰੇ ਸ਼ਹਿਰ ਅੰਦਰ ਸੀਵਰੇਜ ਸਿਸਟਮ ਦਾ ਜੋ ਬੁਰਾ ਹਾਲ ਹੋਇਆ ਪਿਆ ਹੈ ਉਸ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਦੀ ਨਿਕਾਸੀ ਲਈ ਸਖਤ ਆਦੇਸ਼ ਦਿੱਤੇ ਜਾਣ। ਕੁਲਾਣਾ ਚੌਕ ਤੋਂ ਲੈ ਕੇ ਕੈਪਟਨ ਕੇ ਕੇ ਚੌਕ ਤੱਕ ਜੋ ਸੜਕ ਬਣੀ ਹੈ ਉਸ ਦੇ ਆਲੇ ਦੁਆਲੇ ਇੰਟਰਲਾਕ ਟਾਇਲਾਂ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐੱਸਡੀਅੈਮ ਨੂੰ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਲਈ ਵੀ ਕਿਹਾ ਗਿਆ ਹੈ। ਸ਼ਹਿਰਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਅੰਦਰ ਵਰਤੇ ਜਾ ਰਹੇ ਘਟੀਆ ਮਟੀਰੀਅਲ ਦੀ ਜਾਂਚ ਕਰਕੇ ਇਸ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਗਿਆ ਹੈ।
