
ਮਾਨਸਾ 14 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਮਾਨਸਾ ਸਾਇਕਲ ਗਰੁੱਪ ਦੀ ਸ਼ਰੀਰਦਾਨ ਪ੍ਰਚਾਰ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਸੁਬੇਦਾਰ ਸਰਦਾਰ ਬਸੰਤ ਸਿੰਘ ਨੇ ਕਈ ਸਾਲ ਪਹਿਲਾਂ ਸ਼ਰੀਰਦਾਨ ਲਈ ਬਚਨਬੱਧ ਹੁੰਦਿਆਂ ਸ਼ਰੀਰਦਾਨ ਬਚਨਵੱਧਤਾ ਫਾਰਮ ਭਰੇ ਹੋਏ ਸਨ।ਪਿਛਲੇ ਦਿਨੀਂ ਹੋਈ ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਇੱਛਾ ਅਨੁਸਾਰ ਸ਼ਰੀਰਦਾਨ ਪ੍ਰੇਰਕ ਸੰਜੀਵ ਪਿੰਕਾ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਵਲੋਂ ਲੋੜੀਂਦੀ ਕਾਰਵਾਈ ਕਰਦਿਆਂ ਧਾਰਮਿਕ ਰਸਮਾਂ ਕਰਨ ਉਪਰੰਤ ਮਿ੍ਤਕ ਦੇਹ ਨੂੰ ਪੂਰੇ ਸਤਿਕਾਰ ਨਾਲ ਆਦੇਸ਼ ਮੈਡੀਕਲ ਕਾਲਜ ਭੁੱਚੋ ਦੀ ਟੀਮ ਰਾਹੀਂ ਦਾਨ ਕਰਵਾ ਕੇ ਕਾਲਜ ਦੇ ਅਨਾਟਮੀ ਵਿਭਾਗ ਨੂੰ ਮੈਡੀਕਲ ਦੇ ਵਿਦਿਆਰਥੀਆਂ ਲਈ ਮੈਡੀਕਲ ਖੋਜਾਂ ਲਈ ਭੇਜਿਆ ਗਿਆ ਹੈ।ਇਸ ਮੌਕੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਪਰਿਵਾਰ ਵਲੋਂ ਇਹ ਮਹਾਨ ਕੰਮ ਕੀਤਾ ਗਿਆ ਹੈ ਜਿਸ ਮਿ੍ਤਕ ਦੇਹ ਨੇ ਚੰਦ ਕੂ ਮਿੰਟਾਂ ਵਿੱਚ ਜਲ ਕੇ ਸਵਾਹ ਹੋ ਜਾਣਾ ਹੁੰਦਾ ਹੈ ਜੇਕਰ ਬਸੰਤ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੋਚ ਤੋਂ ਪ੍ਰੇਰਿਤ ਹੁੰਦਿਆਂ ਮਿ੍ਤਕ ਦੇਹਾਂ ਦੇ ਨੇਤਰਦਾਨ ਕਰਵਾਏ ਜਾਣ ਉਪਰੰਤ ਸ਼ਰੀਰਦਾਨ ਕਰਵਾਇਆ ਜਾਵੇ ਤਾਂ ਜਿੱਥੇ ਦੋ ਨੇਤਰਹੀਣਾਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ ਉਸ ਦੇ ਨਾਲ ਹੀ ਮਿ੍ਤਕ ਦੇਹ ਉਪਰ ਖੋਜਾਂ ਕਰਕੇ ਮੈਡੀਕਲ ਦੇ ਵਿਦਿਆਰਥੀ ਕਈ ਕਈ ਸਾਲ ਬਹੁਤ ਕੁੱਝ ਸਿਖਦੇ ਰਹਿੰਦੇ ਹਨ।ਅਸ਼ਵਨੀ ਜਿੰਦਲ ਨੇ ਮਹਾਨ ਸ਼ਰੀਰਦਾਨੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਦੇ ਮੈਂਬਰਾਂ ਬਸੰਤ ਸਿੰਘ ਦੀ ਪਤਨੀ ਸਮੇਤ ਰਿਸ਼ਤੇਦਾਰਾਂ ਰਛਪਾਲ ਸਿੰਘ ਅਤੇ ਰਸਵੀਰ ਸਿੰਘ ਦਾ ਇਸ ਮਹਾਨ ਕਾਰਜ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
