ਮਾਨਸਾ, 03 ਮਈ:(ਸਾਰਾ ਯਹਾਂ/ਮੁੱਖ ਸੰਪਾਦਕ)
ਸਹਾਇਕ ਰਿਟਰਨਿੰਗ ਅਫ਼ਸਰ, ਮਾਨਸਾ, ਸ੍ਰ. ਮਨਜੀਤ ਸਿੰਘ ਰਾਜਲਾ ਨੇ ਐਸ.ਡੀ.ਐਮ. ਦਫ਼ਤਰ ਮਾਨਸਾ ਵਿਖੇ ਵੋਟਰ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਲੋਕਤੰਤਰ ’ਚ ਵੋਟ ਦੀ ਮਹੱਤਤਾ ਬਾਰੇ ਦੱਸਦਿਆਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਕਾਇਮ ਰੱਖਣ ਅਤੇ ਸੁਤੰਤਰ, ਨਿਰਪੱਖ ਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ, ਨਿੱਡਰ ਹੋ ਕੇ, ਧਰਮ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ।
ਉਨ੍ਹਾਂ ਦੱਸਿਆ ਕਿ ਵੋਟਾਂ ਦੇ ਤਿਉਹਾਰ ਨੂੰ ਮਨਾਉਂਦਿਆਂ ਸਭਨਾਂ ਵੋਟਰਾਂ ਨੂੰ ਵਧ ਚੜ੍ਹ ਕੇ ਮਤਦਾਨ ਕਰਨ ਲਈ ਪ੍ਰੇਰਿਤ ਕਰਨ ਹਿਤ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਤਹਿਸੀਲਦਾਰ ਮਾਨਸਾ ਪ੍ਰਵੀਨ ਕੁਮਾਰ ਸਿੰਗਲਾ, ਚੋਣ ਕਾਨੂੰਗੋ ਅਮਨਦੀਪ ਸਿੰਘ, ਸਵੀਪ ਨੋਡਲ ਅਫ਼ਸਰ ਮਾਨਸਾ ਜਗਜੀਵਨ ਸਿੰਘ ਆਲੀਕੇ, ਡਿਪਟੀ ਰਜਿਸਟਰਾਰ ਅਨਿਲ ਕੁਮਾਰ ਅਤੇ ਮਾਸਟਰ ਟਰੇਨਰ ਨਰਿੰਦਰ ਸਿੰਘ ਮਾਨਸ਼ਾਹੀਆ ਹਾਜ਼ਰ ਸਨ।