
ਮਾਨਸਾ 1 ਅਪ੍ਰੈਲ(ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ. ਬਲਜੀਤ ਕੌਰ ਸਹਾਇਕ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗਡ ਨੇ ਜੱਚਾ ਬੱਚਾ ਹਸਪਤਾਲ ਮਾਨਸਾ ਦਾ ਅਚਨਚੇਤ ਦੌਰਾ ਕੀਤਾ। ਡਾ. ਬਲਜੀਤ ਕੌਰ ਨੇ ਕਿਹਾ ਕਿ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਪ੍ਰਤੀ ਪੰਜਾਬ ਸਰਕਾਰ ਵੱਲੋਂ ਹੋਰ ਬਿਹਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਬੱਚੇ ਨੂੰ ਦੁੱਧ ਪਿਲਾਉਣਾ ਤੋਂ ਪਹਿਲਾ ਮਾਂ ਆਪਣੇ ਹੱਥ ਸਾਫ ਕਰੇ, ਨਿੱਪਲ ਸਾਫ ਕਰੇ, ਬੱਚੇ ਨੂੰ ਦੁੱਧ ਪਿਲਾਉਣ ਤੋਂ ਕੁਝ ਸਮਾਂ ਬਾਅਦ ਮੋਢੇ ਨਾਲ ਲਾਵੇ ਤਾਂ ਕਿ ਉਸ ਦਾ ਦੁੱਧ ਠੀਕ ਢੰਗ ਨਾਲ ਹਜ਼ਮ ਹੋ ਸਕੇ, ਜਿੱਥੋਂ ਤਕ ਹੋ ਸਕੇ ਬਾਹਰੀ ਦੁੱਧ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਪਹਿਲੇ ਛੇ ਮਹੀਨਿਆਂ ਤੱਕ ਮਾਂ ਨੂੰ ਆਪਣਾ ਦੁੱਧ ਹੀ ਦੇਣਾ ਚਾਹੀਦਾ ਹੈ। ਉਨਾਂ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਜੱਚਾ ਬੱਚਾ ਪ੍ਰਤੀ ਗਰਭਵਤੀ ਔਰਤਾਂ ਨੂੰ ਵੱਧ ਤੋਂ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡਾ.ਹਰਜਿੰਦਰ ਸਿੰਘ ਸਿਵਲ ਸਰਜਨ ਮਾਨਸਾ ਨੇ ਸਮੂਹ ਡਾਕਟਰ ਸਹਿਬਾਨ ਅਤੇ ਪੈਰਾ ਮੈਡੀਕਲ ਸਟਾਫ਼ ਸੇਵਾ ਭਾਵਨਾ ਨਾਲ ਡਿਊਟੀ ਕਰਨ ਲਈ ਕਿਹਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਹਰੇਕ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਨੂੰ ਆਪਣੇ ਅਹੁੱਦੇ ਅਨੁਸਾਰ ਡ੍ਰੈੱਸ ਅਤੇ ਸਨਾਖਤੀ ਕਾਰਡ ਪਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜੱਚਾ ਬੱਚਾ ਹਸਪਤਾਲ ਵਿਖੇ ਕੇਅਰ ਕੰਪੇਨਿਅਨ ਪ੍ਰੋਗਰਾਮ ਅਧੀਨ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਗਰਾਊਂਡ ਪੱਧਰ ਤੇ ਜਾਣੂ ਕਰਾਉਣ ਬਾਰੇ ਕਿਹਾ ਗਿਆ। ਉਨਾਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਹੁਣ ਨਵ ਜਨਮੇ ਬੱਚੇ ਦੀ ਸੁਣਨ ਦੀ ਸਮਰੱਥਾ ਟੈਸਟ ਕਰਨ ਵਾਲੀ ਬਹੁਤ ਆਧੁਨਿਕ ਮਸ਼ੀਨ ਨਾਲ ਸਹੂਲਤ ਉਪਲੱਬਧ ਹੈ ਤਾਂ ਕਿ ਸ਼ੁਰੂਆਤੀ ਸਟੇਜ ਤੇ ਹੀ ਬੋਲੇਪਣ ਦਾ ਪਤਾ ਲੱਗਾ ਸਕੇ। ਇਸ ਮੌਕੇ ਡਾ. ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫਸਰ, ਨਰਸਿੰਗ ਸਿਸਟਰ ਰੋਜਲੀਨ,ਮੈਡਮ ਕਾਜਲ ਏ.ਐਚ.ਏ. ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
