
ਮਾਨਸਾ-28, ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਡੀ. ਪੀ. ਐਸ. ਖਰਬੰਦਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਨੇ ਮਿਸ਼ਨ ਫਤਹਿ ਤਹਿਤ ਖੇਡ ਵਿਭਾਗ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ 4 ਜੁਲਾਈ 2020 ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਲਈ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰਾਂ ਨਾਲ ਜ਼ੂਮ ਐਪ ਰਾਹੀ ਮੀਟਿੰਗ ਕੀਤੀ ਗਈ ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਹਾਇਕ ਡਾਇਰੈਕਟਰ ਮਾਨ ਨੇ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ ਕੌਮੀ ਸੇਵਾ ਯੋਜਨਾ ਅਤੇ ਯੁਵਕ ਸੇਵਾਵਾਂ ਨਾਲ ਜੁੜੇ ਕਲੱਬਾਂ ਦੁਆਰਾ ਪਾਏ ਯੋਗਦਾਨ ਬਾਰੇ ਦੱਸਦਿਆਂ ਸਭਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਰੋਨਾ ਦੌਰਾਨ ਲਾਕਡਾਊਨ ਸਮੇਂ ਲੋੜਵੰਦਾਂ ਦੀ ਮਦਦ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਨਾਲ ਜੁੜੇ ਹਰ ਵਿਅਕਤੀ ਨੇ ਅਹਿਮ ਰੋਲ ਅਦਾ ਕੀਤਾ ਹੈ । ਇਸ ਤੋਂ ਬਾਅਦ ਮੀਟਿੰਗ ਦਾ ਸੰਚਾਲਨ ਕਰਦਿਆਂ ਪ੍ਰੋਗਰਾਮ ਅਫਸਰ ਯਾਦਵਿੰਦਰ ਸਿੰਘ ਸਿੱਧੂ ਨੇ ਕੋਵਿਡ-19 ਪ੍ਰਤੀ ਜਾਗਰੂਕਤਾ ਤਹਿਤ ਸੂਬਾ ਪੱਧਰੀ ਮੁਕਾਬਲੇ ਬਾਰੇ ਵਿਸਥਾਰ ਨਾਲ ਦਸਦਿਆ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਮੁਕਾਬਲਿਆਂ ਦੀ ਲੜੀ ਤੋਰਨ ਬਾਰੇ ਸੁਝਾਅ ਦਿੱਤੇ ।
ਮਾਸਟਰ ਬਲਜੀਤ ਸਿੰਘ ਅਕਲੀਆ ਨੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕੋਵਿਡ-19 ਦੌਰਾਨ ਲੋੜਵੰਦਾਂ ਲਈ ਖਾਣਾ ਵੰਡਣ, ਰਾਸ਼ਨ ਵੰਡਣ, ਮਾਸਕ ਵੰਡਣ, ਅਨਾਜ ਮੰਡੀਆਂ ਵਿੱਚ ਜਾਗਰੂਕ ਕਰਨ ਅਤੇ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਹਾਇਕ ਡਾਇਰੈਕਟਰ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਕੋਵਾ ਪੰਜਾਬ ਐਪ ਡਾਊਨਲੋਡ ਕਰਵਾ ਕੇ ਲੋਕਾਂ ਨੂੰ ਵੱਡੀ ਪੱਧਰ ’ਤੇ ਜਾਗਰੁਕ ਕੀਤਾ ਜਾ ਰਿਹਾ ਹੈ । ਪ੍ਰੋਗਰਾਮ ਅਫਸਰ ਬਲਵਿੰਦਰ ਸਿੰਘ ਬੁਢਾਲਡਾ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੌਰ ਫੱਤਾ ਮਾਲੋਕਾ, ਜਸਪਾਲ ਸਿੰਘ ਆਈ.ਟੀ.ਆਈ. ਮਾਨਸਾ ਅਤੇ ਹਰਪ੍ਰੀਤ ਸਿੰਘ ਮੂਸਾ ਨੇ ਹੁਣ ਤੱਕ ਕੋਵਿਡ-19 ਤਹਿਤ ਕੀਤੇ ਕੰਮ ਬਾਰੇ ਵਿਚਾਰ ਚਰਚਾ ਕਰਦੇ ਹੋਏ ਵਲੰਟੀਅਰਾਂ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਵਿੱਚ ਯੋਗਦਾਨ ਪਾਉਣ ਬਾਰੇ ਚਰਚਾ ਕੀਤੀ । ਪ੍ਰੋਗਰਾਮ ਅਫਸਰ ਗੁਰਮੀਤ ਸਿੰਘ, ਅਰਵਿੰਦਰ ਸਿੰਗਲਾ, ਯਾਦਵਿੰਦਰ ਸਿੰਘ ਫਫੜੇ ਭਾਈਕੇ, ਇੰਜ. ਨਰਿੰਦਰ ਕੁਮਾਰ ਅਤੇ ਐਸ.ਐਸ. ਜੈਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਅੰਤ ਵਿੱਚ ਰਘਬੀਰ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹੇ ਅੰਦਰ 4 ਜੁਲਾਈ 2020 ਨੂੰ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਤੇ ਕੋਚ ਮਨਪ੍ਰੀਤ ਸਿੰਘ ਦੀ ਅਗਵਾਈ ’ਚ ਖੇਡ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੁਆਰਾ ਸਾਂਝੇ ਤੌਰ ’ਤੇ ਲੋਕਾਂ ਨੂੰ ਘਰ-ਘਰ ਜਾ ਕੇ ਮਿਸ਼ਨ ਫਤਹਿ ਤਹਿਤ ਕੋਵਿਡ-19 ਨਾਲ ਲੜਨ ਲਈ ਜਾਗਰੂਕ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਲੋਕਾਂ ਨੂੰ ਕੋਵਾ ਪੰਜਾਬ ਐਪ ਡਾਊਨਲੋਡ ਕਰਵਾ ਕੇ ਜਾਗਰੂਕ ਕਰਦੇ ਹੋਏ ਵਾਰ-ਵਾਰ ਹੱਥ ਧੋਣ, ਜਨਤਕ ਥਾਵਾਂ ’ਤੇ ਮਾਸਕ ਦੀ ਵਰਤੋਂ ਕਰਨ ਅਤੇ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਮਿਸ਼ਨ ਫਤਹਿ ਨੂੰ ਕਾਮਯਾਬ ਬਣਾਇਆ ਜਾ ਸਕੇ ।
