ਚੰਡੀਗੜ੍ਹ, 22 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) : ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੇ ਅੱਜ ਜੇਲ੍ਹ ਵਿਭਾਗ ਪੰਜਾਬ ਵਿੱਚ ਸਹਾਇਕ ਜੇਲ੍ਹ ਸੁਪਰਡੰਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ ਕਰ ਲਿਆ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦਿੱਤੀ।ਸ੍ਰੀ ਬਹਿਲ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਲੋਂ ਇਹਨਾਂ ਅਸਾਮੀਆਂ ਲਈ ਨਵੰਬਰ 2020 ਵਿੱਚ ਇਸ਼ਤਿਹਾਰ ਜਾਰੀ ਕਰਕੇ ਅਰਜੀਆਂ ਦੀ ਮੰਗ ਕੀਤੀ ਗਈ ਸੀ ਤੇ ਮਿਤੀ 31 ਜਨਵਰੀ 2021 ਨੂੰ ਲਿਖਤੀ ਪ੍ਰੀਖਿਆ ਲਈ ਗਈ ਸੀ,ਜਿਸ ਦਾ ਨਤੀਜਾ ਮਿਤੀ 16 ਫ਼ਰਵਰੀ 2021 ਨੂੰ ਜਾਰੀ ਕਰ ਦਿੱਤਾ ਗਿਆ ਸੀ। ਬੋਰਡ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋ ਹਫਤਿਆਂ ਬਾਅਦ 02 ਮਾਰਚ ਤੇ 16 ਮਾਰਚ ਨੂੰ ਸਰੀਰਕ ਯੋਗਤਾ ਟੈਸਟ ਲੈਣ ਉਪਰੰਤ ਯੋਗ ਪਾਏ ਗਏ ਉਮੀਦਵਾਰਾਂ ਦੇ ਅਸਲ ਵਿਦਿਅਕ ਸਰਟੀਫਿਕੇਟਾਂ ਦੀ ਜਾਂਚ ਲਈ 24 ਮਾਰਚ ਨੂੰ ਕੌਂਸਲਿੰਗ ਕੀਤੀ ਗਈ ਸੀ। ਇਸ ਸਾਰੇ ਪ੍ਰੋਸੈਸ ਤੋਂ ਬਾਅਦ ਅੱਜ ਬੋਰਡ ਦੀ ਮੀਟਿੰਗ ਵਿੱਚ ਸਹਾਇਕ ਜੇਲ੍ਹ ਸੁਪਰਡੰਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ ਕੀਤਾ ਗਿਆ ਹੈ, ਜਿਸ ਅਨੁਸਾਰ 48 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਜੇਲ੍ਹ ਵਿਭਾਗ ਨੂੰ ਜਲਦੀ ਹੀ ਸਿਫਾਰਸਾਂ ਭੇਜ ਦਿਤੀਆਂ ਜਾਣਗੀਆਂ। ਅੱਜ ਦੀ ਮੀਟਿੰਗ ਵਿਚ ਹਰਪ੍ਰਤਾਪ ਸਿੰਘ ਸਿੱਧੂ, ਰਜਨੀਸ਼ ਸਹੋਤਾ , ਸ਼ਮਸ਼ਾਦ ਅਲੀ, ਰੋਮਿਲਾ ਬਾਂਸਲ, ਭੁਪਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਅਲਤਾ ਆਹਲੂਵਾਲੀਆ, ਰੋਹਲ ਸਿੰਘ ਸਿੱਧੂ ਅਤੇ ਬੋਰਡ ਦੇ ਸਕੱਤਰ ਅਮਨਦੀਪ ਬਾਂਸਲ, ਪੀ.ਸੀ.ਐਸ. ਹਾਜ਼ਰ ਸਨ।