
ਮਾਨਸਾ, 27 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਦਿਵਯਾਂਗਜਨਾਂ, ਬਜ਼ੁਰਗਾਂ ਜਾਂ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਸਹਾਇਕ ਉਪਕਰਨਾਂ ਨਾਲ ਬਿਨ੍ਹਾਂ ਕਿਸੇ ਦੀ ਮਦਦ ਦੇ ਕਿਤੇ ਵੀ ਆਉਣ-ਜਾਣ ਵਿੱਚ ਆਸਾਨੀ ਰਹੇਗੀ। ਇਨ੍ਹਾਂ ਗਲੱਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਨੇ ਅੱਜ ਸਥਾਨਕ ਗਊਸ਼ਾਲਾ ਭਵਨ ਵਿਖੇ ਲੋੜਵੰਦਾਂ ਨੂੰ ਸਹਾਇਕ ਉਪਕਰਨਾਂ ਦੀ ਵੰਡ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਦੀ ਵੰਡ ਸਬੰਧੀ ਸਮਾਰੋਹ ਅੱਜ ਗਊਸ਼ਾਲਾ ਭਵਨ ਮਾਨਸਾ ਵਿਖੇ ਕਰਵਾਇਆ ਗਿਆ। ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਚੁਸ਼ਪਿੰਦਰਬੀਰ ਸਿੰਘ ਚਹਿਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮਾਂ ਸਾਇੰਸ ਦਾ ਯੁੱਗ ਹੈ ਜਿਸ ਕਾਰਨ ਦਿਵਿਆਂਗ ਵਿਅਕਤੀਆਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਹੋਣ ਦੀ ਜ਼ਰੂਰਤ ਨਹੀਂ। ਉਨ੍ਹਾਂ ਕਿਹਾ ਕਿ ਸਾਇੰਸ ਦੀ ਦੇਣ ਇਨ੍ਹਾਂ ਸਹਾਇਕ ਉਪਕਰਨਾਂ ਦੀ ਮਦਦ ਨਾਲ ਦਿਵਿਆਂਗ ਵਿਅਕਤੀ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ ਅਤੇ ਪੜ੍ਹਾਈ ਵਿੱਚ ਵੀ ਵਿਲੱਖਣ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਵਿਅਕਤੀ ਆਪਣਾ ਕਾਰੋਬਾਰ ਕਰਕੇ ਸਵੈ-ਨਿਰਭਰ ਬਣੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੋ ਲੋਕ ਕਿਸੇ ਕਾਰਨਾਂ ਕਰਕੇ ਇਨ੍ਹਾਂ ਉਪਕਰਨਾਂ ਤੋਂ ਵਾਂਝੇ ਰਹਿ ਗਏ ਹਨ, ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਵੜਿੰਗ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 359 ਲੋੜਵੰਦਾਂ ਨੂੰ 1 ਹਜ਼ਾਰ ਤੋਂ ਵਧੇਰੇ ਉਪਕਰਨ ਦਿੱਤੇ ਜਾਣਗੇ ਜਿਸ ਤਹਿਤ ਅੱਜ ਮਾਨਸਾ ਵਿਖੇ ਲਗਾਏ ਕੈਂਪ ਦੌਰਾਨ ਕਰੀਬ 26 ਲੱਖ ਰੁਪਏ ਦੀ ਰਾਸ਼ੀ ਖਰਚ ਕਰ ਕੇ ਕੁੱਲ 135 ਵਿਅਕਤੀਆਂ ਨੂੰ 397 ਸਹਾਇਕ ਉਪਰਕਰਨ ਮੁਹੱਈਆ ਕਰਵਾਏ ਗਏ। ਜਿਸ ਵਿੱਚ 27 ਮੋਟਰਾਈਜ਼ਡ ਸਾਈਕਲ, 17 ਟਰਾਈਸਾਈਕਲ, 10 ਵੀਲ ਚੇਅਰ, 94 ਕੰਨਾ ਵਾਲੀ ਮਸ਼ੀਨਾਂ, 58 ਨੀ ਬਰੇਸ ਤੋਂ ਇਲਾਵਾ ਪੋਲਿਓ ਕੈਲਿਪਰ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ) ਤੋਂ ਇਲਾਵਾ ਹੋਰ ਵੀ ਸਹਾਇਕ ਉਪਕਰਨ ਦਿੱਤੇ ਗਏ।
ਇਸ ਕੈਂਪ ਵਿੱਚ ਬਿਗ ਹੋਪ ਫਾਊਂਡੇਸ਼ਨ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅਲਿਮਕੋ ਮੋਹਾਲੀ ਵੱਲੋਂ ਪੀ.ਐਂਡ.ਓ. ਅਫ਼ਸਰ ਸ਼੍ਰੀ ਅਸ਼ੋਕ ਸਾਹੂ, ਜੂਨੀਅਰ ਮੈਨੇਜਰ ਮਾਰਕਿਟਿੰਗ ਮਿਸ ਕਨਿਕਾ ਮਹਿਤਾ, ਸ਼੍ਰੀ ਰਜਿੰਦਰ ਕੁਮਾਰ ਮਨਰਾ ਅਤੇ ਮੋਹਿਤ ਕੁਮਾਰ ਤੋਂ ਇਲਾਵਾ ਹੋਰ ਵੀ ਮੋਹਤਬਰ ਸਖ਼ਸ਼ੀਅਤਾਂ ਮੌਜੂਦ ਸਨ।
