
ਮਾਨਸਾ 05 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਸਾਇਕਲ ਗਰੁੱਪ ਦੀ ਸ਼ਰੀਰਦਾਨ ਪ੍ਰਚਾਰ ਮੁਹਿੰਮ ਤਹਿਤ ਰਿਟਾਇਰਡ ਫੋਜੀ ਬਸੰਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸ਼ਰੀਰਦਾਨ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਬਸੰਤ ਸਿੰਘ ਨੇ ਅਪਣੇ ਜਿਉਂਦੇ ਸਮੇਂ ਕਰੀਬ ਪੰਦਰਾਂ ਸਾਲ ਪਹਿਲਾਂ ਉਨ੍ਹਾਂ ਵਲੋਂ ਚਲਾਈ ਸਰੀਰਦਾਨ ਪ੍ਰਚਾਰ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਸ਼ਰੀਰਦਾਨ ਕਰਨ ਦੀ ਇੱਛਾ ਪ੍ਰਗਟਾਈ ਸੀ ਅਤੇ ਇਸ ਇੱਛਾ ਸੰਬੰਧੀ ਸਮੇਂ ਸਮੇਂ ਤੇ ਪਰਿਵਾਰਕ ਮੈਂਬਰਾਂ ਨੂੰ ਜਾਨੂ ਵੀ ਕਰਵਾਉਂਦੇ ਰਹਿੰਦੇ ਸਨ ਕਿ ਮੇਰੇ ਮਰਨ ਉਪਰੰਤ ਮੇਰਾ ਸ਼ਰੀਰ ਸੰਜੀਵ ਪਿੰਕਾ ਨਾਲ ਸੰਪਰਕ ਕਰਕੇ ਦਾਨ ਕਰਵਾਇਆ ਜਾਵੇ। ਅੱਜ ਡਾਕਟਰ ਜਨਕ ਰਾਜ ਸਿੰਗਲਾ ਵਲੋਂ ਬਸੰਤ ਸਿੰਘ ਨੂੰ ਮਿ੍ਤਕ ਘੋਸ਼ਿਤ ਕਰਨ ਉਪਰੰਤ ਪਰਿਵਾਰ ਦੇ ਮੈਂਬਰਾਂ ਰਛਪਾਲ ਸਿੰਘ ਅਤੇ ਰਸਵੀਰ ਸਿੰਘ ਵਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਸ਼ਰੀਰਦਾਨ ਕਰਵਾਇਆ ਗਿਆ ਜਿਸਨੂੰ ਡਾਕਟਰ ਦੀਵਾਸੀਸ਼ ਦੀ ਅਗਵਾਈ ਹੇਠ ਘਰੋਂ ਧਾਰਮਿਕ ਰਸਮਾਂ ਕਰਨ ਅਤੇ ਬਠਿੰਡਾ ਤੋਂ ਆਈ ਫੋਜੀ ਅਫਸਰਾਂ ਦੀ ਟੀਮ ਵਲੋਂ ਸਲਾਮੀ ਦੇਣ ਉਪਰੰਤ ਅਦੇਸ਼ ਮੈਡੀਕਲ ਕਾਲਜ ਭੁਚੋ ਲਿਜਾਇਆ ਗਿਆ।ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਮਾਨਸਾ ਸਾਇਕਲ ਗਰੁੱਪ ਵਲੋਂ ਚਲਾਈ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ।ਇਸ ਮੌਕੇ ਡਾਕਟਰ ਦੀਵਾਸੀਸ਼ ਨੇ ਦੱਸਿਆ ਕਿ ਇਸ ਦੇਹ ਦੀ ਕਾਲਜ ਵਿੱਚ ਸੰਭਾਲ ਕੀਤੀ ਜਾਵੇਗੀ ਤਾਂ ਕਿ ਇਹ ਖਰਾਬ ਨਾ ਹੋਵੇ ਅਤੇ ਮੈਡੀਕਲ ਦੇ ਵਿਦਿਆਰਥੀ ਲੰਬਾਂ ਸਮਾਂ ਇਸ ਤੇ ਪੜਾਈ ਕਰਨਗੇ।
ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ, ਪ੍ਰਵੀਨ ਟੋਨੀ ਸ਼ਰਮਾਂ, ਸੰਜੀਵ ਪਿੰਕਾ, ਕੈਪਟਨ ਰਛਪਾਲ ਸਿੰਘ, ਰਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
