*‘ਸਵੱਛ ਮਾਨਸਾ’ ਥੀਮ ਹੇਠ ਆਯੋਜਿਤ ਸਾਈਕਲ ਰੈਲੀ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸ਼ਹਿਰ, ਪਿੰਡ ਅਤੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਸੁਨੇਹਾ*

0
40

ਮਾਨਸਾ, 06 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਮਾਨਸਾ ਦੇ ਲੋਕਾਂ ਨੂੰ ਸਾਫ ਸੁੱਥਰਾ ਅਤੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ‘ਸਵੱਛ ਮਾਨਸਾ’ ਥੀਮ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਝੰਡੀ ਦੇ ਕੇ ਰਵਾਨਾ ਕੀਤਾ।
ਸਾਈਕਲ ਸਵੱਛਤਾ ਰੈਲੀ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਕੂਲ ਵਿਦਿਆਰਥੀ, ਅਧਿਆਪਕ, ਈਕੋ ਵਹੀਲਰ ਸਾਈਕਲ ਕਲੱਬ, ਵਾਇਸ ਆਫ ਮਾਨਸਾ, ਵਾਤਾਵਰਨ ਸੁਸਾਇਟੀ ਮਾਨਸਾ ਸਮੇਤ ਵੱਖ ਵੱਖ ਵਿਭਾਗੀ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ। ਸਾਈਕਲ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਬਸ ਸਟੈਂਡ, ਰੇਲਵੇ ਫਾਟਕ, ਗਊਸ਼ਾਲਾ ਰੋਡ, ਮਾਈ ਨਿੱਕੋ ਸਕੂਲ ਤੋਂ ਹੁੰਦਿਆਂ ਵਾਟਰ ਵਰਕਸ ਰੋਡ ਤੋਂ ਸੈਂਟਰਲ ਪਾਰਕ ਮਾਨਸਾ ਵਿਖੇ ਸਮਾਪਤ ਹੋਈ।
ਸਾਈਕਲ ਰੈਲੀ ਦੀ ਸਮਾਪਤੀ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸ਼ਹਿਰ, ਪਿੰਡ, ਆਲੇ ਦੁਆਲੇ ਨੂੰ ਸਾਫ ਰੱਖਣ ਵਿਚ ਹਰੇਕ ਨਾਗਰਿਕ ਨੂੰ ਆਪਣਾ ਸਹਿਯੋਗ ਪਾਉਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਇਕੱਠਾ ਕਰਨ ਆਏ ਕਰਮਚਾਰੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਰੇਹੜ੍ਹੀਆਂ ਵਿਚ ਪਾਇਆ ਜਾਵੇ ਤਾਂ ਜੋ ਸ਼ਹਿਰ ਵਿਚੋਂ ਕੂੜੇ ਦੇ ਢੇਰ ਨਾ ਲੱਗਣ ਅਤੇ ਇਹ ਕੂੜਾ ਐਮ.ਆਰ.ਐਫ. ਸ਼ੈੱਡਾਂ ਵਿਚ ਲਿਜਾ ਕੇ ਉਸ ਦੀ ਪ੍ਰੋਸੈਸਿੰਗ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪਲਾਂਟੇਸ਼ਨ ਕਰਨੀ ਚਾਹੀਦੀ ਹੈ। ਕੂੜੇ ਨੂੰ ਖੁੱਲ੍ਹੇ ਥਾਂ ’ਤੇ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਤੋਂ ਬਣੀਆਂ ਵਸਤੁਆਂ ਦੀ ਵਰਤੋਂ ਜਿੰਨੀ ਹੋ ਸਕੇ ਘੱਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਫ ਵਾਤਾਵਰਣ ਅਤੇ ਜਲਵਾਯੂ ਲਈ ਵੱਧ ਤੋਂ ਵੱਧ ਦਰਖ਼ਤਾਂ ਦੀ ਲੋੜ ਹੈ, ਜਿਸ ਦੇ ਪ੍ਰਤੀ ਹਰੇਕ ਵਿਅਕਤੀ ਨੂੰ ਜਾਗਰੂਕ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਵਿਚ ਸ਼ਾਮਿਲ ਹੋਏ ਸ਼ਹਿਰ ਵਾਸੀਆਂ, ਸਕੂਲੀ ਵਿਦਿਆਰਥੀਆਂ ਸਮੇਤ ਸਾਨੂੰ ਸਾਰਿਆਂ ਨੂੰ ਸਵੱਛਤਾ ਮੁਹਿੰਮ ਨੂੰ ਅੱਗੇ ਲਿਜਾਣ ਵਿਚ ਹੋਰਨਾਂ ਨੂੰ ਜਾਗਰੂਕ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਫ ਸੁੱਥਰਾ ਅਤੇ ਪ੍ਰਦੂਸ਼ਣ ਰਹਿਤ ਮਾਹੌਲ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹਰੇਕ ਨਾਗਰਿਕ ਦੀ ਇਹ ਨੈਤਿਕ ਜਿੰਮੇਵਾਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ ਆਪਣਾ ਆਲਾ ਦੁਆਲਾ ਸਵੱਛ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦਾ ਪ੍ਰਣ ਲੈਣ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਸਵੱਛਤਾ ਸਾਈਕਲ ਰੈਲੀ ਵਿਚ ਸ਼ਮੂਲੀਅਤ ਕਰਨ ਵਾਲੇ ਈਕੋ ਵਹੀਲਰ ਸਾਈਕਲ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਸਮੇਤ ਸਮੁੱਚੀ ਟੀਮ, ਪ੍ਰਧਾਨ ਵਾਇਸ ਆਫ ਮਾਨਸਾ ਡਾ. ਜਨਕ ਰਾਜ ਸਿੰਗਲਾ ਸਮੇਤ ਸਮੁੱਚੀ ਟੀਮ, ਪ੍ਰਧਾਨ ਵਾਤਾਵਰਨ ਸੁਸਾਇਟੀ ਅਸ਼ੋਕ ਸਪੋਲੀਆ ਅਤੇ ਡੀ.ਏ.ਵੀ. ਸਕੂਲ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ, ਸੇਂਟ ਜੇਵੀਅਰ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਸਾਈਕਲ ਰੈਲੀ ਮੌਕੇ ‘ਮਾਨਸਾ ਐਂਥਮ’ ਟਾਈਟਲ ਦਾ ਇਕ ਗੀਤ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸ੍ਰ. ਗੁਰਪ੍ਰੀਤ ਸਿੰਘ ਭੁੱਚਰ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਨਿਤੇਸ਼ ਕੁਮਾਰ ਜੈਨ, ਐਡਵੋਕੇਟ ਅਮਨਦੀਪ ਸਿੰਗਲਾ ਸਮੇਤ ਸਕੂਲੀ ਅਧਿਆਪਕ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here