*ਸਰੀਰਕ ਸਿੱਖਿਆ ਅਧਿਆਪਕਾਂ ਦੀ ਕਿਰਦਾਰਕੁਸ਼ੀ ਕਰਨ ਵਾਲੀ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ*

0
708

ਮਾਨਸਾ, 7 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ )

:ਗੌਰਮਿੰਟ ਡੀ.ਪੀ.ਈ. ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਇਕੱਤਰਤਾ ਕਰਕੇ ਸਰੀਰਕ ਸਿੱਖਿਆ ਅਧਿਆਪਕ ਦਾ ਅਕਸ ਵਿਗਾੜਨ ਵਾਲੀ ਇੱਕ ਪੰਜਾਬੀ ਫਿਲਮ ਦਾ ਡੱਟ ਕੇ ਵਿਰੋਧ ਕੀਤਾ। ਸੂਬਾ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਨੇ ਕਿਹਾ ਕਿ ਫਿਲਮ ਚੇਤਾ ਸਿੰਘ ਵਿੱਚ ਡੀ.ਪੀ.ਈ./ਪੀ.ਟੀ.ਆਈ. ਅਧਿਆਪਕਾਂ ਦੇ ਚਰਿੱਤਰ ਨੂੰ ਗੰਧਲਾ ਦਿਖਾਕੇ ਕੌਮ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਸਮੁੱਚੇ ਅਧਿਆਪਕ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਡੀ.ਪੀ.ਈ. ਮਾਸਟਰ ਆਪਣੀ ਜਿੰਦਗੀ ਵਿੱਚ ਅਨੇਕਾਂ ਮੁੰਡੇ–ਕੁੜੀਆਂ ਦੇ ਖੇਡ ਕੌਸ਼ਲ ਨੂੰ ਨਿਖਾਰ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਕਰਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਅਲਾਮਤਾਂ ਤੋਂ ਬਚਾਉਣ ਲਈ ਸਿਰਤੋੜ ਯਤਨ ਕਰਦਾ ਹੈ, ਪਰ ਅਧਿਆਪਨ ਵਰਗੇ ਪਵਿੱਤਰ ਕਾਰਜ ਤੋਂ ਅਣਜਾਣ ਲਾਲਚੀ ਕਿਸਮ ਦੇ ਲੋਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਡੀ.ਪੀ.ਈ. ਅਧਿਆਪਕਾਂ ਦੀ ਕਿਰਦਾਰਕੁਸ਼ੀ ਕਰਨ ‘ਤੇ ਲੱਗੇ ਹੋਏ ਹਨ, ਜਿਸ ਨੂੰ ਗੌਰਮਿੰਟ ਡੀ.ਪੀ.ਈ. ਲੈਕਚਾਰਚ ਯੂਨੀਅਨ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬੁਰਜਹਰੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਸੰਘੇੜਾ ਨੇ ਕਿਹਾ ਕਿ ਜਥੇਬੰਦੀ ਇਸ ਫਿਲਮ ਨੂੰ ਬੰਦ ਕਰਵਾਉਣ ਅਤੇ ਫਿਲਮ ਨਿਰਮਾਤਾ ਖਿਲਾਫ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰਾਂ ਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਵੇਗੀ ਤਾਂ ਕਿ ਭਵਿੱਖ ਵਿੱਚ ਕੋਈ ਵਿੱਚ ਇਸ ਤਰ੍ਹਾਂ ਦੀ ਕੋਝੀ ਹਰਕਤ ਕਰਨ ਦਾ ਹੌਂਸਲਾ ਨਾ ਕਰੇ।  ਜੇਕਰ ਇਸ ਫਿਲਮ ਨੂੰ ਨਾ ਰੋਕਿਆ ਗਿਆ ਤਾਂ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕ ਕੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ।
ਜਨਰਲ ਸਕੱਤਰ ਹਰਜੀਤ ਸਿੰਘ ਜੋਗਾ ਨੇ ਕਿਹਾ ਕਿ ਸਰੀਰਕ ਸਿੱਖਿਆ ਅਧਿਆਪਕਾਂ ਦੇ ਵਿਸ਼ਵਾਸ਼ ‘ਤੇ ਹੀ ਮਾਪੇ ਆਪਣੀਆਂ ਲੜਕੀਆਂ ਨੂੰ ਖੇਡਣ ਲਈ ਉਹਨਾਂ ਨਾਲ ਭੇਜਦੇ ਹਨ। ਇਸ ਫਿਲਮ ਦੀ ਮਨਘੜਤ ਕਹਾਣੀ ਨਾਲ ਮਾਪਿਆਂ ਦੇ ਵਿਸ਼ਵਾਸ਼ ਨੂੰ ਧੱਕਾ ਲੱਗੇਗਾ ਅਤੇ ਲੜਕੀਆਂ ਦਾ ਖੇਡ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਬਾਹ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮਾਜ ਵਿੱਚ ਕੋਈ ਅਜਿਹਾ ਕਰਨ ਵਾਲਾ ਮਾੜਾ ਅਨਸਰ ਹੈ ਤਾਂ ਉਸ ਦੀ ਪਛਾਣ ਜਾਹਰ ਕਰਨੀ ਚਾਹੀਦੀ ਹੈ ਨਾ ਕਿ ਸਮੁੱਚੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਸਿੰਘ ਸਮਾਓ, ਪਰਵਿੰਦਰ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਖੀਵਾ ਕਲਾਂ, ਰੇਸ਼ਮ ਸਿੰਘ, ਗੁਰਜੀਤ ਸਿੰਘ ਝੱਬਰ, ਨਛੱਤਰ ਸਿੰਘ, ਜਸਪ੍ਰੀਤ ਸਿੰਘ, ਜਗਦੀਪ ਸਿੰਘ ਨੇ ਵੀ ਪੰਜਾਬ ਸਰਕਾਰ ਤੋਂ ਇਸ ਫਿਲਮ ਨੂੰ ਰੋਕਣ ਦੀ ਮੰਗ ਕਰਦਿਆਂ ਸਮੁੱਚੇ ਅਧਿਆਪਕ ਵਰਗ ਅਤੇ ਮਾਪਿਆਂ ਨੂੰ ਇਸ ਫਿਲਮ ਦਾ ਬਾਈਕਾਟ ਤੇ ਵਿਰੋਧ ਕਰਨ ਦੀ ਅਪੀਲ ਕੀਤੀ। 

LEAVE A REPLY

Please enter your comment!
Please enter your name here