ਮਾਨਸਾ, 9 ਮਾਰਚ(ਸਾਰਾ ਯਹਾਂ /ਹਿਤੇਸ਼ ਸ਼ਰਮਾ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਵਿਖੇ ਰਜਿਸਟਰਡ ਲਾਭਪਾਤਰੀਆਂ ਨੂੰ ਈ ਕਾਰਡਾਂ ਦੇ ਦਾਇਰੇ ਅਧੀਨ ਲਿਆਉਣ ਲਈ ਹਾਲੇ ਵੀ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਛੇਤੀ ਤੋਂ ਛੇਤੀ ਸੌ ਫੀਸਦੀ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਦਾ ਕਾਰਜ ਨੇਪਰੇ ਚੜ੍ਹਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸ਼ਹਿਰੀ ਪੱਧਰ ‘ਤੇ ਸਰਵੇਖਣ ਆਰੰਭ ਕਰਦਿਆਂ ਘਰ ਘਰ ਪਹੁੰਚ ਕਰਕੇ ਇਸ ਦੀ ਪੜਤਾਲ ਕੀਤੀ ਜਾਵੇ ਕਿ ਕੀ ਲਾਭਪਾਤਰੀ ਪਰਿਵਾਰਾਂ ਦੇ ਸਮੂਹ ਮੈਂਬਰਾਂ ਦੇ ਈ ਕਾਰਡ ਬਣਵਾਏ ਜਾ ਚੁੱਕੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਇੱਕ ਫਾਇਦੇਮੰਦ ਯੋਜਨਾ ਹੈ ਅਤੇ ਸਮੂਹ ਰਜਿਸਟਰਡ ਲਾਭਪਾਤਰੀਆਂ ਨੂੰ ਇਸ ਦਾ ਲਾਭ ਹਾਸਲ ਕਰਨ ਦੇ ਯੋਗ ਬਣਾਉਣ ਲਈ ਵਿਭਾਗੀ ਪੱਧਰ ‘ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਦੇਹੀ ਨਾਲ ਸ਼ਮੂਲੀਅਤ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦੀਆਂ ਦਿੱਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਸਬੰਧਤ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸ਼ਹਿਰੀ ਤੇ ਪੇਂਡੂ ਪੱਧਰ ‘ਤੇ ਬਿਨੇਕਾਰਾਂ ਦੇ ਕਾਰਡ ਬਣਾਉਣ ਲਈ ਉਪ ਮੰਡਲ ਮੈਜਿਸਟਰੇਟ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ਤਾਂ ਜੋ ਲੋੜਵੰਦਾਂ ਨੂੰ ਇਹ ਕਾਰਡ ਬਣਵਾਉਣ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆ ਸਕੇ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਵੀ ਹਦਾਇਤ ਕੀਤੀ ਕਿ ਕਾਰਡ ਬਣਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਇਸ ਸਬੰਧੀ ਰੋਜ਼ਾਨਾ ਮੀਟਿੰਗ ਕੀਤੀ ਜਾਵੇ ਅਤੇ ਇਹ ਜਾਇਜ਼ਾ ਲਿਆ ਜਾਵੇ ਕਿ ਰੋਜ਼ਾਨਾ ਕਿੰਨੇ ਕਾਰਡਾਂ ਦਾ ਡਾਟਾ ਨਿਰਧਾਰਤ ਪ੍ਰੋਫਾਰਮਿਆਂ ਵਿੱਚ ਅਪਡੇਟ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਏ.ਡੀ.ਸੀ ਸੁਖਪ੍ਰੀਤ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।