ਮਾਨਸਾ, 21 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਰਦੂਲਗੜ ਵਿਖੇ ਮੂੰਗੀ ਦੀ ਫਸਲ ਦੀ ਖਰੀਦ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਸਰਦੂਲਗੜ ਮੰਡੀ ਵਿਖੇ ਵੱਖ-ਵੱਖ 3 ਕਿਸਾਨਾਂ ਵੱਲੋਂ 8 ਕੁਇੰਟਲ ਮੂੰਗੀ ਵਿਕਰੀ ਲਈ ਲਿਆਂਦੀ ਗਈ ਜੋ ਮਾਰਕਫੈਡ ਵੱਲੋਂ ਐਮ.ਐਸ.ਪੀ. 7275/- ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਖਰੀਦ ਕੀਤੀ ਗਈ।
ਜ਼ਿਲਾ ਮੰਡੀ ਅਫ਼ਸਰ ਨੇ ਦੱਸਿਆ ਕਿ ਮਾਨਸਾ ਜ਼ਿਲੇ ਅਧੀਨ 3 ਮੁੱਖ ਯਾਰਡਾਂ ਮਾਨਸਾ, ਬੁਢਲਾਡਾ ਅਤੇ ਸਰਦੂਲਗੜ ਵਿਖੇ ਮੂੰਗੀ ਦੀ ਖਰੀਦ ਕੀਤੀ ਜਾਣੀ ਹੈ। ਇਨਾਂ ਯਾਰਡਾਂ ਵਿੱਚ ਮੂੰਗੀ ਦੀ ਖਰੀਦ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਹਨ।
ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਪਣੀ ਜਿਨਸ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੁੱਕੀ ਅਤੇ ਸਾਫ਼ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਜਿਨਸ ਵੇਚਣ ਸਮੇਂ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਤੁਰੰਤ ਹੀ ਜਿਨਸ ਦੀ ਵਿਕਰੀ ਹੋ ਜਾਵੇ।