ਮਾਨਸਾ 18 ਮਈ :(ਸਾਰਾ ਯਹਾਂ/ਮੁੱਖ ਸੰਪਾਦਕ)
ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦੇ ਚੱਲਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਦੇ ਗੜ੍ਹ ਵਿੱਚ ਸੰਨ੍ਹ ਲਾਈ ਹੈ। “ਆਪ” ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਵਿੱਚ ਸਾਬਕਾ ਐੱਸ.ਜੀ.ਪੀ.ਸੀ ਮੈਂਬਰ ਅਤੇ 25 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਥੇਦਾਰ ਰਹੇ, ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦੇ ਪਰਿਵਾਰ ਸਮੇਤ ਸੈਂਕੜੇ ਵਿਅਕਤੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਟਾਂਡੀਆ ਪਰਿਵਾਰ ਵਿਚ ਇਹ ਵੇਲੇ ਗੁਰਨਾਮ ਸਿੰਘ ਟਾਂਡੀਆਂ ਸਾਬਕਾ ਸਰਪੰਚ ਪਰਿਵਾਰ ਦੇ ਮੁਖੀ ਹਨ, ਜਿੰਨ੍ਹਾਂ ਨੇ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਘਰ ਪਹੁੰਚਣ ਉਪਰ ਸਵਾਗਤ ਕੀਤਾ।
ਇਸੇ ਦੌਰਾਨ ਉਨ੍ਹਾਂ ਦੇ ਨਾਲ ਟਕਸਾਲੀ ਅਕਾਲੀ ਪਰਿਵਾਰ ਸਾਬਕਾ ਸਰਪੰਚ ਪਿੰਡ ਟਾਂਡੀਆਂ, ਦਰਸ਼ਨ ਸਿੰਘ, ਨੰਬਰਦਾਰ ਗੁਰਬਾਜ ਸਿੰਘ, ਸਾਬਕਾ ਸਰਪੰਚ ਝੇਰਿਆਂਵਾਲੀ ਗੁਰਮੀਤ ਸਿੰਘ, ਸਾਬਕਾ ਸਰਪੰਚ ਬਾਦਲ ਸਿੰਘ, ਪਰਮਜੀਤ ਸਿੰਘ ਝੇਰਿਆਂਵਾਲੀ ਪਰਿਵਾਰਾਂ ਸਮੇਤ ਸ਼ਾਮਿਲ ਹੋਏ ਹਨ। ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਸਮੇਂ ਇੱਕ ਲਹਿਰ ਚੱਲ ਪਈ ਹੈ, ਲੋਕ ਭਗਵੰਤ ਮਾਨ ਸਰਕਾਰ ਦੀ 2 ਸਾਲਾਂ ਦੀ ਕਾਰਗੁਜਾਰੀ ਦੇਖ ਕੇ ਪ੍ਰਭਾਵਿਤ ਹੋਏ ਹਨ ਅਤੇ ਉਹ ਪੰਜਾਬ ਦਾ ਭਵਿੱਖ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਐੱਸ.ਜੀ.ਪੀ.ਸੀ ਮੈਂਬਰ ਮੁਖਤਿਆਰ ਸਿੰਘ ਟਾਂਡੀਆਂ ਦੇ ਸਪੁੱਤਰ ਗੁਰਨਾਮ ਸਿੰਘ ਟਾਂਡੀਆਂ ਸਾਬਕਾ ਸਰਪੰਚ ਸਮੇਤ ਸੈਂਕੜੇ ਸਾਥੀਆਂ ਵੱਲੋਂ ਅਕਾਲੀ ਦਲ ਛੱਡ ਕੇ “ਆਪ” ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਵੱਡੀ ਮਜਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਟਾਂਡੀਆਂ ਪਰਿਵਾਰ ਦਾ ਇਸ ਖੇਤਰ ਵਿੱਚ ਚੰਗਾ ਖਾਸਾ ਰੁਤਬਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚਾਰਧਾਰਾ ਦੀ, ਵਿਕਾਸ ਮੁੱਖੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਪਾਰਟੀ ਹੈ, ਜਿਸ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ “ਆਪ” ਬਠਿੰਡਾ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਇਸ ਹਲਕੇ ਦੇ ਵਿਕਾਸ ਦਾ ਨਵਾਂ ਅਧਿਆਇ ਲਿਖੇਗੀ। ਇਸ ਮੌਕੇ ਗੁਰਸੇਵਕ ਸਿੰਘ ਝੁਨੀਰ, ਕਾਲਾ ਬਣਾਂਵਾਲੀ ਤੌ ਇਲਾਵਾ ਹੌਰ ਵੀ ਮੌਜੂਦ ਸਨ