ਮਾਨਸਾ, 18 ਜੁਲਾਈ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ, ਐਸ.ਐਸ.ਪੀ. ਡਾ. ਨਾਨਕ ਸਿੰਘ ਅਤੇ ਐਸ ਡੀ.ਐਮ ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲੀ ਨੇ ਪਾਣੀ ਵਾਲੇ ਪ੍ਰਭਾਵਿਤ ਇਲਾਕਿਆਂ ਤੋਂ ਰਾਹਤ ਕੈਂਪਾਂ ਵਿੱਚ ਲਿਆਂਦੇ ਲੋਕਾਂ ਕੋਲ ਪਹੁੰਚ ਕਰਕੇ ਕੈੰਪ ਵਿੱਚ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਵਿਧਾਇਕ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਸਰਦੂਲਗੜ੍ਹ ਵਿਖੇ 9 ਰਾਹਤ ਕੈਂਪ ਬਣਾਏ ਗਏ ਹਨ। ਰਾਹਤ ਕੈਂਪਾਂ ਵਿਚ 4 ਪਰਿਵਾਰਾਂ ਦੇ 20 ਮੈਂਬਰ ਆ ਚੁੱਕੇ ਹਨ ਜਿੰਨ੍ਹਾਂ ਦੇ ਖਾਣਪੀਣ ਅਤੇ ਡਾਕਟਰਾਂ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਵਿਧਾਇਕ ਨੇ ਦੱਸਿਆ ਕਿ ਪਿੰਡ ਫੂਸਮੰਡੀ ਅਤੇ ਸਾਧੂਵਾਲਾ ਦੇ ਵਿਚਕਾਰ ਖੇਤਾਂ ਨੂੰ ਪਾਣੀ ਪਹੁੰਚਾਉਣ ਲਈ ਲੋਕਾਂ ਨੇ ਪਾਈਪਲਾਈਨ ਪਾਈ ਹੋਈ ਸੀ, ਪਾਈਪ ਦੇ ਬਲਾਸਟ ਕਾਰਨ ਘੱਗਰ ਦਾ ਪਾਣੀ ਖੇਤਾਂ ਵੱਲ ਨੂੰ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਗਲਤੀ ਕਰਕੇ ਵਾਪਰਿਆ ਹੈ ਅਤੇ ਇੱਥੇ ਪਾਣੀ ਦੇ ਵਹਾਅ ਨੂੰ ਰੋਕਣ ਅਤੇ ਬੰਨ੍ਹ ਨੂੰ ਪੂਰਨ ਲਈ ਡਰੇਨਜ਼ ਵਿਭਾਗ ਦੀਆਂ ਟੀਮਾਂ ਨੇ ਸਰਗਰਮੀਆਂ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਵੀ ਕਾਰਜਸ਼ੀਲ ਟੀਮਾਂ ਦਾ ਸਹਿਯੋਗ ਕਰਦਿਆਂ ਦਿਨਰਾਤ ਪਹਿਰਾ ਦੇ ਰਹੇ ਹਨ ਤਾਂ ਜੋ ਪਾਣੀ ਨੂੰ ਰਿਹਾਇਸ਼ੀ ਇਲਾਕੇ ਵਿਚ ਜਾਣ ਤੋਂ ਰੋਕਿਆ ਜਾ ਸਕੇ ਅਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਸ਼ਹਿਰ ਅਤੇ ਆਬਾਦੀ ਅੰਦਰ ਪਾਣੀ ਨਾ ਆਵੇ ਇਸ ਦੇ ਲਈ ਸਰਦੂਲਗੜ੍ਹ ਹਾਈ ਵੇਅ ਤੋਂ ਇਲਾਵਾ ਪਿੰਡ ਸਾਧੂ ਵਾਲਾ, ਫੂਸ ਮੰਡੀ ਰੋਡ ’ਤੇ ਵੀ ਬੰਨ੍ਹ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰੈਸਕਿਊ ਟੀਮਾਂ ਤੈਨਾਤ ਹਨ ਅਤੇ ਰਾਹਤ ਕੈਂਪਾਂ ਵਿਚ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ। ਲੋਕਾਂ ਨੂੰ ਖਾਣ ਪੀਣ, ਰਹਿਣ ਸਹਿਣ ਤੋਂ ਇਲਾਵਾ ਮੈਡੀਕਲ ਸੇਵਾਵਾਂ ਪੱਖੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਲੋਕ ਟੁੱਟੇ ਹੋਏ ਬੰਨ੍ਹਾਂ, ਨਦੀ ਨਾਲਿਆਂ ਦੇ ਪੁਲਾਂ ਅਤੇ ਕਿਨਾਰਿਆਂ ’ਤੇ ਸੈਲਫੀਆਂ ਆਦਿ ਲੈਣ ਲਈ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਧਾਰਾ 144 ਵੀ ਲਗਾਈ ਗਈ ਹੈ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਵਿਚੋਂ ਦੀ ਲੰਘਣ ਵਾਲੇ ਟਰੈਫਿਕ ਲਈ ਨਵੇਂ ਰੂਟ ਬਣਾਏ ਗਏ ਹਨ ਤਾਂ ਜੋ ਜ਼ਿਆਦਾ ਬੇਲੋੜੀਂਦਾ ਟਰੈਫਿਕ ਸਰਦੂਲਗੜ੍ਹ ਸ਼ਹਿਰ ਦੇ ਵਿਚ ਨਾ ਆਵੇ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ 144 ਹੁਕਮਾਂ ਤਹਿਤ ਲੋਕਾਂ ਦੀ ਸੁਰੱਖਿਆ ਲਈ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ।