*ਸਰਦੀਆਂ ਦੌਰਾਨ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਲਾਹਕਾਰੀ ਜਾਰੀ*

0
14

ਮਾਨਸਾ, 07 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਕੜਾਕੇ ਦੀ ਸਰਦੀ ਦੌਰਾਨ ਪਸ਼ੂ ਧਨ ਨਮੂਨੀਆ ਆਦਿ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ ਅਤੇ ਦੁੱਧ ਵਧਣ ਦੀ ਥਾਂ ਘੱਟਣਾ ਸ਼ੂਰੂ ਹੋ ਸਕਦਾ ਹੈ। ਇਸ ਸੰਬਧੀ ਸਲਾਹਕਾਰੀ ਜਾਰੀ ਕਰਦਿਆਂ ਡਾ. ਅਜੈ ਸਿਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ)ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਦੱਸਿਆ ਕਿ ਪਸ਼ੂਆਂ ਨੂੰ ਸਰਦੀਆਂ ਵਿੱਚ ਆਪਣੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਕਾਫ਼ੀ ਊਰਜਾ ਦੀ ਲੋੜ ਪੈਂਦੀ ਹੈ ਜੋ ਉਨ੍ਹਾਂ ਨੂੰ ਖੁਰਾਕ ਤੋਂ ਹਾਸਲ ਹੁੰਦੀ ਹੈ। ਇਸ ਲਈ ਸਰਦੀਆਂ ਵਿੱਚ ਰੱਜਵੇਂ ਹਰੇ ਪੱਠੇ ਪਾਉਣ ਦੇ ਨਾਲ-ਨਾਲ ਦਾਣਾ/ਵੰਡ ਜਾਂ ਖੁਰਾਕ ਵਧੇਰੇ ਪਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ 5 ਕਿੱਲੋ ਦੁੱਧ ਦੇਣ ਵਾਲੀ ਮੱਝ ਅਤੇ 7 ਕਿੱਲੋ ਦੁੱਧ ਦੇਣ ਵਾਲੀ ਗਾਂ ਨੂੰ 40 ਕਿੱਲੋ ਹਰਾ ਚਾਰਾ, 3 ਕਿੱਲੋ ਸੁੱਕਾ ਚਾਰਾ (ਤੂੜੀ ਆਦਿ) 2 ਕਿੱਲੋ ਫੀਡ ਅਤੇ 50 ਗ੍ਰਾਮ ਧਾਤਾਂ ਦਾ ਚੂਰਾ ਪਾਉਣਾ ਚਾਹੀਦਾ ਹੈ। ਇਸੇ ਤਰਾਂ ਵਧੇਰੇ ਦੁੱਧ ਦੇਣ ਵਾਲੀਆਂ ਗਾਂਵਾਂ, ਮੱਝਾਂ ਨੂੰ 40 ਤੋਂ 50 ਕਿੱਲੋ ਹਰਾ ਚਾਰਾ, 2-3 ਕਿੱਲੋ ਸੁੱਕਾ ਚਾਰਾ ਅਤੇ ਹਰ ਢਾਈ ਕਿੱਲੋ ਦੁੱਧ ਪਿੱਛੇ ਗਾਵਾਂ ਵਿੱਚ ਇਕ ਕਿੱਲੋ ਖੁਰਾਕ ਅਤੇ ਮੱਝਾਂ ਵਿੱਚ ਹਰ ਦੋ ਕਿੱਲੋ ਦੁੱਧ ਪਿੱਛੇ ਇੱਕ ਕਿੱਲੋ ਫੀਡ ਵਾਧੂ ਦੇਣਾ ਚਾਹੀਦਾ ਹੈ, ਨਾਲ ਹੀ ਧਾਤਾਂ ਦਾ ਚੂਰਾ 70 ਤੋਂ 100 ਗ੍ਰਾਮ ਤੱਕ ਦੇਣਾ ਚਾਹੀਦਾ ਹੈ। ਸਰਦੀਆਂ ਦੇ ਫਲੀਦਾਰ ਚਾਰਿਆਂ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿਚ ਹੁੰਦੀ ਹੈ, ਇਸ ਲਈ ਖਲਾਂ ਦੀ ਮਾਤਰਾ ਗਰਮੀਆਂ ਦੇ ਮੁਕਾਬਲੇ ਘੱਟ ਵੀ ਕੀਤੀ ਜਾ ਸਕਦੀ ਹੈ। ਸਰਦੀਆਂ ਵਿੱਚ ਸੀਤ ਹਵਾਵਾਂ ਦੇ ਅਸਰ ਨੂੰ ਘਟਾਉਣ ਲਈ ਸ਼ੈੱਡ ਅੰਦਰ ਪੱਲੀਆਂ ਆਦਿ ਲਟਕਾਉ। ਸਰਦੀਆਂ ਵਿੱਚ ਗਿੱਲੇ ਸ਼ੈੱਡ ਛੇਤੀ ਸੁਕਦੇ ਨਹੀਂ, ਇਸ ਲਈ ਦਿਨ ਵੇਲੇ ਪੱਲੀਆਂ ਚੁੱਕ ਦਿਓ। ਫਰਸ਼ ’ਤੇ ਪਰਾਲੀ ਦੀ ਸੁੱਕ ਵਿਛਾਓ।
ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1:3) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਪਸ਼ੂਆਂ ਨੂੰ ਜਲਦੀ ਸਵੇਰੇ ਜਾਂ ਦੇਰ ਸ਼ਾਮ ਨੂੰ ਬਾਹਰ ਨਾ ਕੱਢੋ ਨਹੀਂ ਤਾਂ ਠੰਡ ਦੇ ਅਸਰ ਕਾਰਨ ਦੁੱਧ ਵੀ ਘਟੇਗਾ ਅਤੇ ਪਸ਼ੂ ਨਮੂਨੀਆ ਆਦਿ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਨ। ਜ਼ਿਆਦਾ ਠੰਡ ਵਿੱਚ ਪਸ਼ੂਆਂ ਉੱਪਰ ਝੁੱਲ ਵੀ ਪਾਏ ਜਾ ਸਕਦੇ ਹਨ, ਪਸ਼ੂਆਂ ਨੂੰ ਪੀਣ ਲਈ ਤਾਜ਼ਾ  ਪਾਣੀ ਦਿਓ, ਪਾਣੀ ਨਾ ਤਾਂ ਬਹੁਤਾ ਠੰਡਾ ਹੋਵੇ ਅਤੇ ਨਾ ਹੀ ਗਰਮ ਹੋਵੇ। ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ। ਵੱਡੇ ਪਸ਼ੂਆਂ ਅਤੇ 4 ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖੁਰ ਦੇ ਟੀਕੇ ਲਗਵਾਓ। ਸੂਤਕੀ ਬੁਖਾਰ ਤੋਂ ਬਚਾਅ ਲਈ ਇਕੱਲੇ ਫਲੀਦਾਰ ਚਾਰੇ ਨਾ ਪਾਓ ਅਤੇ ਵਿੱਚ ਕੋਈ ਹੋਰ ਚਾਰਾ ਜਾਂ ਸਾਈਲੇਜ ਮਿਲਾ ਕੇ ਪਾਓ।
ਨਵਜੰਮੇ ਕੱਟੜੂ/ਵੱਛੜੂ ਠੰਡ ਵਿੱਚ ਜਲਦੀ ਨਮੂਨੀਆ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ, ਇਸ ਕਰਕੇ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖੋ। ਨਵ ਜਨਮੇ ਕੱਟੜੂ /ਵੱਛੜੂ ਨੂੰ 4 ਦਿਨ ਤੋਂ 3 ਮਹੀਨੇ ਦੀ ਉਮਰ ਤੱਕ ਕਾਫ਼ਸਟਾਰਟਰ ਫੀਡ ਦੀ ਵਰਤੋਂ ਕਰੋ ਜਿਸ ਵਿੱਚ ਪ੍ਰੋਟੀਨ 23-25 % ਤੱਕ ਹੋਣਾ ਚਾਹੀਦਾ ਹੈ। ਕੱਟੜੂ /ਵੱਛੜੂ ਨੂੰ ਸਾਫ਼-ਸੁਥਰੀ ਸੁੱਕੀ ਜਗ੍ਹਾ ਉੱਤੇ ਰੱਖੋ, ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਾਲੇ ਦਿਨਾਂ ਵਿੱਚ ਧੁੱਪੇ ਬੰਨ੍ਹੋ।

LEAVE A REPLY

Please enter your comment!
Please enter your name here