ਸਰਕਾਰ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਤੋਂ ਸਾਫ਼ ਨਾਂਹ, ਕਿਸਾਨਾਂ ਨੇ ਕੀਤਾ ਵੱਡਾ ਐਲਾਨ

0
153

ਨਵੀਂ ਦਿੱਲੀ 21, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਦੀ ਆਊਟਰ ਰਿੰਗ ਰੋਡ ਉੱਤੇ ਵੀ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਧਰ ਕਿਸਾਨ ਗਣਤੰਤਰ ਦਿਵਸ ਮੌਕੇ ਇਸ ਪਰੇਡ ਨੂੰ ਲੈ ਕੇ ਡਟੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਡਾ ਐਲਾਨ ਕੀਤਾ ਹੈ ਜਿਸ ਨਾਲ ਟਕਰਾਅ ਦੇ ਹਾਲਾਤ ਬਣ ਸਕਦੇ ਹਨ।

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਟਰੈਕਟਰ ਪਰੇਡ ਰਿੰਗ ਰੋਡ ਉੱਤੇ ਹੀ ਹੋਵੇਗੀ। ਜੇ ਰਸਤਾ ਨਾ ਮਿਲਿਆ, ਤਾਂ ਬੈਰੀਕੇਡ ਤੋੜਨੇ ਵੀ ਪੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਪਰੇਡ ਬਿਲਕੁਲ ਸ਼ਾਂਤੀਪੂਰਨ ਰਹੇਗੀ। ਇਸ ਲਈ ਸਰਕਾਰ ਨੂੰ ਸ਼ਰਾਫ਼ਤ ਨਾਲ ਰਾਹ ਦੇ ਦੇਣਾ ਚਾਹੀਦਾ ਹੈ। ਸਾਡਾ ਅਧਿਕਾਰ ਹੈ ਕਿ ਟਰੈਕਟਰਾਂ ਨਾਲ ਪਰੇਡ ਕਰਨ ਦੀ ਇਜਾਜ਼ਤ ਮਿਲੇ।

ਇੱਕ ਹੋਰ ਕਿਸਾਨ ਲੀਡਰ ਨੇ ਅੱਜ ਕਿਹਾ ਕਿ ਇਸ ਮਾਮਲੇ ਉੱਤੇ ਪੁਲਿਸ ਤੇ ਸਰਕਾਰ ਨਾਲ ਆਪਸ ਵਿੱਚ ਮੀਟਿੰਗ ਕਰਦੇ ਰਹਿਣਗੇ। ਕ੍ਰਾਂਤੀ ਕਿਸਾਨ ਯੂਨੀਅਨ ਦੇ ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਐਸਐਸ ਯਾਦਵ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕੀਤੀ।

ਕਿਸਾਨ ਨਵੰਬਰ ਮਹੀਨੇ ਦੇ ਅੰਤ ਤੋਂ ਦਿੱਲੀ ਦੀ ਸੀਮਾ ਨਾਲ ਕਈ ਸਥਾਨਾਂ ਉੱਤੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨਾਂ ਯੂਨੀਅਨਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਨ ਪਰ ਗਣਤੰਤਰ ਦਿਵਸ ਦੀ ਸਾਲਾਨਾ ਪਰੇਡ ਵਿੱਚ ਕੋਈ ਅੜਿੱਕਾ ਨਹੀਂ ਡਾਹੁਣਾ ਚਾਹੁੰਦੇ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਦੀ ਦਲੀਲ ਦੇ ਜਵਾਬ ਵਿੱਚ ਇਸ ਮਾਮਲੇ ’ਚ ਕੋਈ ਵੀ ਦਖ਼ਲ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਦਿੱਲੀ ਪੁਲਿਸ ਹੀ ਇਸ ਮਾਮਲੇ ਵਿੱਚ ਕੋਈ ਫ਼ੈਸਲਾ ਲਵੇ।

LEAVE A REPLY

Please enter your comment!
Please enter your name here