
ਚੰਡੀਗੜ੍ਹ 24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਪਿੰਡਾਂ ਦੇ ਲੋਕਾਂ ਨੂੰ ਹਰਿਆਣਾ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਪੇਂਡੂ ਖੇਤਰਾਂ ਵਿੱਚ ਬਿਜਲੀ ਮਹਿੰਗੀ ਮਿਲਿਆ ਕਰੇਗੀ। ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਬਿਜਲੀ ਖਪਤ ’ਤੇ 2 ਫ਼ੀਸਦੀ ਪੰਚਾਇਤੀ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਪੇਂਡੂ ਖੇਤਰਾਂ ਵਿੱਚ ਬਿਜਲੀ ਮਹਿੰਗੀ ਮਿਲੇਗਾ। ਉਂਝ ਸਰਕਾਰ ਨੇ ਖੇਤੀਬਾੜੀ ਖਪਤਕਾਰਾਂ ਨੂੰ ਇਸ ਟੈਕਸ ਤੋਂ ਬਾਹਰ ਰੱਖਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਦਾ ਅੰਦੋਲਨ ਹੋਰ ਭੜਕੇਗਾ। ਇਸ ਵੇਲੇ ਪਿੰਡਾਂ ਦੇ ਲੋਕ ਪਹਿਲਾਂ ਹੀ ਬੀਜੇਪੀ ਤੋਂ ਕਾਫੀ ਖਫਾ ਹਨ। ਅਜਿਹੇ ਵਿੱਚ ਖੱਟਰ ਸਰਕਾਰ ਦਾ ਫੈਸਲਾ ਬਲਦੀ ‘ਚ ਘਿਉ ਦਾ ਕੰਮ ਕਰੇਗਾ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਜ਼ਿਆਦਾਤਰ ਕਿਸਾਨ ਰਹਿੰਦੇ ਹਨ। ਇਨ੍ਹਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ। ਸਰਕਾਰ ਹੁਣ ਜਾਣਬੁੱਝ ਕੇ ਉਨ੍ਹਾਂ ਉੱਪਰ ਹੋਰ ਬੋਝ ਪਾ ਰਹੀ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹੋਈ ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੇਂਡੂ ਖੇਤਰਾਂ ਵਿੱਚ ਬਿਜਲੀ ਖਪਤ ’ਤੇ 2 ਫ਼ੀਸਦੀ ਪੰਚਾਇਤੀ ਕਰ ਲਾਉਣ ਦਾ ਫੈਸਲਾ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਪੰਚਾਇਤਾਂ ਦੇ ਮਾਲੀ ਸਰੋਤਾਂ ਨੂੰ ਵਧਾਉਣ ਲਈ ਲਿਆ ਗਿਆ ਹੈ।
