ਫ਼ਰੀਦਕੋਟ /15ਮਾਰਚ / ਸੁਰਿੰਦਰ ਮਚਾਕੀ:- ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫੀ ਖ਼ਿਲਾਫ ਸੰਘਰਸ਼ਸ਼ੀਲ ਸਕੱਤਰੇਤ ਮੁਲਾਜ਼ਮਾਂ ਦੇ ਸਾਂਝਾ ਮੰਚ ਪੰਜਾਬ ਤੇ ਯੂ ਟੀ ਵਲੋ ਪੰਜਾਬ ਸਰਕਾਰ ਨੂੰ ਸਿਆਸੀ ਮੈਦਾਨ ‘ਚ ਵੀ ਟੱਕਰ ਦਾ ਤਹੱਈਆ ਕਰ ਲਿਆ ਹੈ । ਇਸ ਲਈ ਸੇਵਾ ਮੁਕਤ ਮੁਲਾਜ਼ਮ ਆਗੂ ਅਮਰਜੀਤ ਸਿੰਘ ਵਾਲੀਆ ਦੀ ਅਗਵਾਈ ‘ਚ ਗਿਆਰਾਂ ਮੈਬਰੀ ਰਾਜਸੀ ਵਿੰਗ ਵੀ ਖੜ੍ਹਾ ਕਰ ਦਿੱਤਾ ਹੈ । ਐਲਾਨ ਮੁਤਾਬਕ ਇਹ ਵਿੰਗ ਪੰਜਾਬ ਦੀ ਸਰਕਾਰਾਂ ਵਲੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਬਾਰੇ ਸਰਕਾਰ ਦੀ ਨਾਂਹ ਪੱਖੀ ਨੀਅਤ ਤੇ ਨੀਤੀ ਦਾ ਟਰੇਡ ਯੂਨੀਅਨ ਸੰਘਰਸ਼ ਤੋ ਇਲਾਵਾ ਰਾਜਸੀ ਤੋੜ ਲੱਭਣ ਲਈ ਵਿਸਥਾਰਤ ਨੀਤੀ ਪ੍ਰੋਗਰਾਮ ਤੇ ਰਣਨੀਤੀ ਘੜਨ ‘ਤੇ ਕੰਮ ਕਰ ਰਿਹਾ । ਵਿੰਗ ਦੇ ਬੁਲਾਰੇ ਅਮਰਜੀਤ ਸਿੰਘ ਵਾਲੀਆ ਮੁਤਾਬਕ ਇਸ ਰਾਜਸੀ ਵਿੰਗ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਭੱਖਦੇ ਮਸਲਿਆਂ ਦੇ ਹੱਲ ਤੋ ਇਲਾਵਾ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਉੱਤੇ ਵਧੇਰੇ ਚੰਗੀ ਤਰ੍ਹਾਂ ਸਮਝਦਾ ਹੈ । ਇਸ ਲਈ ਇਨ੍ਹਾਂ ਨੂੰ ਦੂਰ ਕਰਨ ਰਾਜਸੀ ਪਾਰਟੀਆਂ ਨਾਲੋ ਵਧੇਰੇ ਸਮਰੱਥ ਯਤਨ ਕਰ ਸਕੇਗਾ । ਵਾਲੀਆ ਨੇ ਮੀਡੀਏ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਮੇ ਦੀਆਂ ਸਰਕਾਰਾਂ ਅਖੀਰਲੇ ਵਰ੍ਹੇ ਦੌਰਾਨ ਲੋਕਾਂ ਨੂੰ ਕੁੱਝ ਕੁ ਸਹੂਲਤਾਂ ਤੇ ਲੁਭਾਉਣੇ ਲਾਰੇ ਲਾ ਕੇ ਚੋਣਾਂ ਵੇਲੇ ਵੋਟਾਂ ਬਟੋਰ ਲੈਂਦੀਆਂ ਹਨ। ਬਾਅਦ ਵਿੱਚ ਉਨ੍ਹਾਂ ਦਾ ਸ਼ੋਸ਼ਣ ਕਰਦੀਆਂ ਹਨ । ਸਿਆਸਤ ਇਸ ਮੌਕੇ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਈ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਗੰਭੀਰ ਸਮੱਸਿਆ ਦਰਪੇਸ਼ ਹਨ । ਸੌੜੀ ਸੋਚ ਅਤੇ ਚਲਾਕ ਰਾਜਸੀ ਲੀਡਰਸ਼ਿਪ ਦਾ ਧਿਆਨ ਆਪਣੇ ਵਿਰੋਧੀਆਂ ਨੂੰ ਖੁੱਡੇ ਲਾਕੇ ਰਾਜ ਦੇ ਵਿੱਤੀ ਸੋਮਿਆਂ ਤੇ ਆਪਣੇ ਨਜ਼ਦੀਕੀਆਂ ਨੂੰ ਕਾਬਜ ਕਰਵਾਕੇ ਆਪਣੇ ਘਰ ਭਰਨ ਤੱਕ ਹੀ ਸੀਮਿਤ ਹੈ | ਜੇਕਰ ਪੰਜਾਬ ਦਾ ਪੜਿਆ ਲਿਖਿਆ ਸੁਚੇਤ ਵਰਗ ਅਜੇ ਵੀ ਰਾਜਨੀਤੀ ਤੋ ਇਸੇ ਤਰਾਂ ਦੂਰ ਰਿਹਾ ਤਾਂ ਮੌਜੂਦਾ ਰਾਜਸੀ ਜਮਾਤਾਂ ਨੇ ਵਾਰੋ ਵਾਰੀ ਰਾਜ ਸਤਾ ਵਿਚ ਆਕੇ ਪੰਜਾਬ ਨੂੰ ਲੁੱਟ ਕੇ ਇਸ ਰਾਜ ਦੇ ਕਿਸਾਨ, ਮਜ਼ਦੂਰ, ਮੁਲਾਜਮ, ਬੇਰੁਜ਼ਗਾਰ ਨੌਜਵਾਨ ਅਤੇ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦਾ ਘਾਣ ਕਰਕੇ ਪੰਜਾਬ ਨੂੰ ਬਰਬਾਦ ਕਰ ਦੇਣਗੇ | ਇਸ ਲਈ ਸਮੇਂ ਦੀ ਲੋੜ ਹੈ ਕਿ ਪੜਿਆ ਲਿਖਿਆ , ਬੁੱਧੀਜੀਵੀ, ਪ੍ਰਸ਼ਾਸਨਿਕ ਤਜਰਬੇਕਾਰ ਅਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਹਰ ਵਰਗ ਆਪਣੀਆ ਜ਼ਿੰਮੇਵਾਰੀਆਂ ਸਮਝਦਾ ਹੋਇਆ ਅੱਗੇ ਆਏ ਤੇ ਨਿਰ ਸੁਆਰਥ ਅਤੇ ਬਲੀਦਾਨ ਦੀ ਭਾਵਨਾ ਨਾਲ ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ ‘ਚੋ ਕੱਢ ਕੇ ਤਰੱਕੀ ਦੀ ਵਲ ਲਿਜਾਣ ਵਾਲੀਆਂ ਨਵੀਆਂ ਲੀਹਾਂ ਤੇ ਨਵੀ ਸਕਾਰਮਕ ਸੋਚ ਦੇ ਆਧਾਰ ਤੇ ਸਮੇਂ ਦੀ ਮੰਗ ਅਨੁਸਾਰ ਪੰਜਾਬ ਨੂੰ ਹਰ ਖੇਤਰ ਵਿੱਚ ਦੇਸ ਅਤੇ ਸੰਸਾਰ ਤੋ ਮੋਹਰੀ ਬਨਾਉਣ ਲਈ ਅਹਿਮ ਭੂਮਿਕਾ ਨਿਭਾਵੇ | ਇਸ ਲਈ ਪੰਜਾਬ ਦੇ ਮੁਲਾਜ਼ਮ ਅਤੇ ਪੈਨਸਨਰਾਂ ਨੇ ਇਕੱਠੇ ਹੋਕੇ ਆਪਣਾ ਇਕ ਸਿਆਸੀ ਵਿੰਗ ਬਨਾਉਣ ਦੀ ਸੁਰੂਆਤ ਕੀਤੀ ਹੈ|ਮੁਲਾਜ਼ਮ ਤੇ ਪੈਨਸ਼ਨਰਾਂ ਦੇ ਰਾਜਸੀ ਵਿੰਗ ਦੇ ਸ਼ੁਰੂ ‘ਚ ਗਿਆਰਾਂ ਮੈਬਰੀ ਕਮੇਟੀ ਬਣਾਈ ਗਈ ਹੈ ਜੋ ਇਸ ਰਾਜਸੀ ਵਿੰਗ ਦੇ ਪ੍ਰਚਾਰ ਅਤੇ ਪਸਾਰ ਲਈ ਲਈ ਕੰਮ ਕਰੇਗੀ | ਬਾਅਦ ਵਿਚ ਇਸ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਬਲਾਕ, ਜਿਲ੍ਹਾ ਤੇ ਰਾਜ ਪੱਧਰ ‘ਤੇ ਸਮਾਜ ਦੇ ਹਰ ਵਰਗ ਦੇ ਸਾਫ਼ ਸੁਥਰੇ , ਸੁਚੱਜੇ ਅਤੇ ਇਨਸਾਫ਼ ਪਸੰਦ ਲੋਕਾਂ
ਦੀ ਅਗਵਾਈ ਵਿਚ ਕਮੇਟੀਆਂ ਬਣਾਈਆਂ ਜਾਣਗੀਆਂ|
ਹਾਸਲ ਜਾਣਕਾਰੀ ਅਨੁਸਾਰ ਸੂਬੇ ਚ ਜਲਦੀ ਹੀ 8 ਵੱਡੇ ਸ਼ਹਿਰਾਂ ਚ ਮਿਉਂਸਪਲ ਨਿਗਮਾਂ ਦੀ ਚੋਣਾਂ ਹੋਣੀਆਂ ਹਨ । ਸੰਕੇਤ ਇਹ ਹੈ ਕਿ ਤਜਰਬੇ ਵਜੋਂ ਇਨ੍ਹਾਂ ਚ ਆਪਣੇ ਕੌਸਲਰ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਤੇ ਸ਼ਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ‘ਤੇ ਵਿਸ਼ੇਸ਼ ਤੌਰ ਫੋਕਸ ਕੀਤਾ ਜਾਏਗਾ । ਇਸ ਚ ਹਾਸਲ ਮੁਲਾਜ਼ਮ, ਪੈਨਸ਼ਨਰ ਤੇ ਲੋਕਾਂ ਦੇ ਹੁੰਗਾਰੇ ਤੇ ਅਨੁਭਵ ਨੂੰ ਆਧਾਰ ਬਣਾ ਕੇ 2022ਦੀ ਵਿਧਾਨ ਸਭਾ ਚੋਣਾਂ ‘ਚ ਸੱਤਾ ਧਾਰੀ ਕਾਂਗਰਸ ਵਿਰੁੱਧ ਉਮੀਦਵਾਰ ਖੜ੍ਹੇ ਕੀਤੇ ਜਾਣਗੇ । ਮੁਲਾਜ਼ਮ ਲਹਿਰ ਚ ਅਹਿਮ ਮੋੜ ਲਿਆ ਸਕਣ ਵਾਲੇ ਇਸ ਅਹਿਮ ਐਲਾਨ ਨਾਲ ਮੁਲਾਜ਼ਮਾਂ ਤੇ ਵਿਸ਼ੇਸ਼ ਕਰਕੇ ਮੁਲਾਜ਼ਮ ਜੱਥੇਬੰਦੀਆਂ ਚ ਇਸ ਦੀ ਵਾਜਬੀਅਤ ਅਹਿਮੀਅਤ ਬਾਰੇ ਬਹਿਸ ਛਿੜ ਗਈ ਹੈ । ਰਾਜਸੀ ਪਾਰਟੀਆਂ ਵਿਸ਼ੇਸ਼ ਕਰਕੇ ਸੱਤਾ ਧਾਰੀ ਕਾਗਰਸ ਪਾਰਟੀ ਦਾ ਇਸ ‘ਤੇ ਕੀ ਪ੍ਰਤੀਕਰਮ ਕਰਨਗੀਆਂ? ਇਸ ਦੀ ਉਡੀਕ ਹੈ ਫਿਲਹਾਲ ਖਹਿਰਾ ਤੇ ਉਸ ਦੇ ਸਹਿਯੋਗੀਆਂ ਦੇ ਜ਼ਾਹਿਰ ਤੇ ਗੁੱਝੇ ਮਕਸਦ ਬਾਰੇ ਵੀ ਕਿਆਫ਼ੇ ਲਗਾਏ ਜਾ ਰਹੇ ਹਨ । ਸੁਆਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਸਾਂਝਾ ਫਰੰਟ ਜਿਸ ਚ ਅਮਰਜੀਤ ਸਿੰਘ ਵਾਲੀਆ ਤੇ ਇਸ ਵਿੰਗ ਦੇ ਮੁੱਖ ਯੋਜਨਾ ਤੇ ਸੂਤਰਧਾਰ ਸੁਖਚੈਨ ਸਿੰਘ ਖਹਿਰਾ ਦੀ ਮੁਲਾਜ਼ਮ ਧਿਰ ਵੀ ਸ਼ਾਮਲ , ਦੀਆਂ ਵਖ ਵਖ ਮੁਲਾਜ਼ਮ ਧਿਰਾਂ ਦੀ ਇਸ ਨੂੰ ਸਹਿਮਤੀ ਹਾਸਲ ਹੈ ? ਇਸ ਬਾਰੇ ਉਨ੍ਹਾਂ ਦਾ ਕੋਈ ਵੀ ਪ੍ਰਤੀਕਰਮ ਨਾ ਕਰਨਾ ਬਹੁਤ ਸਾਰੇ ਸੁਆਲ ਖੜ੍ਹੇ ਕਰ ਰਿਹਾ ਹੈ । ਯਕੀਨਨ ਰੂਪ ਚ ਇਹ ਕਾਫ਼ੀ ਮਹੱਤਵਪੂਰਨ ਫੈਸਲਾ ਹੈ ਜਿਸਨੇ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਦੇ ਨਾਲ ਰਾਜਸੀ ਆਗੂਆਂ ਚ ਵੀ ਮੱਘਨਾ ਹੈ ਤੇ ਇਸ ਵਿੰਗ ਦਾ ਭਵਿੱਖ ਵੀ ਤੈਅ ਕਰਨਾ ਹੈ ।