ਮਾਨਸਾ 19 ਮਈ (ਸਾਰਾ ਯਹਾਂ/ਬਲਜੀਤ ਪਾਲ) : ਪੰਜਾਬ ਸਰਕਾਰ ਵੱਲੋਂ ਕੁੱਝ ਜਿਲਿਆਂ ਚ ਮਾਲ ਮਹਿਕਮੇ ਵਿਚ ਲਾਏ ਤਹਿਸੀਲਦਾਰਾਂ ਨੂੰ ਸਬ ਰਜਿਸਟਰਾਰ ਲਾਉਣ ਤੇ ਉਨਾਂ ਨੂੰ ਰਜਿਸਟਰੀ ਆਦਿ ਦੀ ਜਿੰਮੇਵਾਰੀ ਦੇਣ ਨੂੰ ਲੈ ਕੇ ਪੰਜਾਬ ਪਟਵਾਰ ਯੁੂਨੀਅਨ ਨੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਪੰਜਾਬ ਪਟਵਾਰ ਯੂਨੀਅਨ ਦੇ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਨੇ ਕਿਹਾ ਹੈ ਕਿ ਸੂਬੇ ਵਿਚ ਪਹਿਲਾਂ ਤੋਂ ਮਾਲ ਮਹਿਕਮੇ ਵਿਚ ਤਸੱਲੀਬਖਸ਼ ਕੰਮ ਚੱਲ ਰਿਹਾ ਸੀ ਤਾਂ ਸਰਕਾਰ ਨੇ ਹੁਣ ਇਸ ਵਿਚ ਹੁਣ ਕੁੱਝ ਤਹਿਸੀਲਦਾਰਾਂ ਨੂੰ ਸਬ ਰਜਿਸਟਰਾਰ ਦੀਆਂ ਨਿਯੁਕਤੀਆਂ ਕਰਕੇ ਉਨਾਂ ਨੂੰ ਸਿਰਫ ਰਜਿਸਟਰੀਆਂ ਦੀ ਜਿੰਮੇਵਾਰੀ ਸੌਂਪੀ ਹੈ,ਜਿਸ ਨਾਲ ਇਕ ਵਿਤਕਰਾ ਖੜਾ ਹੋ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਨਾਇਬ ਤਹਿਸੀਲਦਾਰਾਂ ਦਾ ਇਸ ਕੰਮ ਤੋਂ ਇਕ ਤਰਾਂ ਵਾਂਝਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਹੁਣ ਜਾਇਦਾਦਾਂ ਦੀਆਂ ਰਜਿਸਟਰੀਆਂ ਦਾ ਕੰਮ ਸਬ ਰਜਿਸਟਰਾਰਾਂ ਤੋਂ ਕਰਵਾਏਗੀ ਤੇ ਦੂਜੇ ਪਾਸੇ ਪਹਿਲਾਂ ਤੋਂ ਸੇਵਾ ਨਿਭਾ ਰਹੇ ਤਹਿਸੀਲਦਾਰਾਂ ਨੂੰ ਧਰਨੇ ਮੁਜਾਹਰਿਆਂ ਵਿਚ ਜਾ ਕੇ ਮੰਗ ਪੱਤਰ ਲੈਣ ਤੇ ਅਜਿਹੇ ਮਸਲੇ ਹੱਲ ਕਰਵਾਉਣ ਲਈ ਰੱਖਿਆ ਜਾਵੇਗਾ।ੳਨਾਂ ਕਿਹਾ ਕਿ ਸਰਕਾਰ ਨੇ ਕੁੱਝ ਵੱਡੇ ਜ਼ਿਲਿਆਂ ਚ ਇਹ ਜਿੰਮੇਵਾਰੀ ਸੌਂਪੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਇਸ ਵਿਚ ਕੋਈ ਭੇਦਭਾਵ ਨਾ ਕਰੇ ਤੇ ਇਸ ਵਿਚ ਮੁੜ ਤੋਂ ਵਿਚਾਰ ਕਰੇ ,ਜਿਸ ਨਾਲ ਪਹਿਲਾਂ ਦੀ ਤਰਾਂ ਵਾਰੀ ਸਿਰ ਹਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਰਜਿਸਟਰੀਆਂ ਆਦਿ ਦਾ ਕੰਮ ਸੌਂਪਦਾ ਸੀ,ਇਸੇ ਤਰਜ਼ ਤੇ ਇਹ ਕੰਮ ਚਲਣਾ ਚਾਹੀਦਾ ਹੈ।