*ਸਰਕਾਰ ਦੀ ਧੱਕੇਸ਼ਾਹੀ ਦਾ ਦਿਆਂਗੇ ਸਖ਼ਤ ਜਵਾਬ – ਮਨਜੀਤ ਧਨੇਰ*

0
14

ਮਾਨਸਾ 11 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):

ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਅੱਜ ਸਵੇਰੇ ਛੇ ਵਜੇ ਦੇ ਲੱਗਭੱਗ ਭਾਰੀ ਪੁਲਿਸ ਫੋਰਸ ਨੇ ਆ ਕੇ ਪਿੰਡ ਨੂੰ ਘੇਰਨ ਉਪਰੰਤ ਵਿਵਾਦਤ ਜ਼ਮੀਨ ਤੇ ਪੰਚਾਇਤ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਘਟਨਾ ਦੀ ਖ਼ਬਰ ਮਿਲਦੇ ਹੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਪਿੰਡ ਕੁੱਲਰੀਆਂ ਵਿਖੇ ਧਰਨਾ ਸ਼ੁਰੂ ਕਰ ਦਿੱਤਾ। ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਪੁਲਿਸ ਨੇ ਪਿੰਡ ਵਿੱਚ ਵੜਨ ਤੋਂ ਰੋਕਿਆ ਤਾਂ ਇੱਕ ਹੋਰ ਧਰਨਾ ਪਿੰਡ ਮੰਡੇਰ ਵਿਖੇ ਸ਼ੁਰੂ ਹੋ ਗਿਆ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਹਿਰਾਸਤ ਵਿੱਚ ਲਏ ਸਾਥੀਆਂ ਨੂੰ ਧਰਨੇ ਵਿੱਚ ਲਿਆ ਕੇ ਰਿਹਾਅ ਕੀਤਾ ਜਾਵੇ । ਦੱਸਣਯੋਗ ਹੈ ਕਿ ਮੁਰੱਬੇਬੰਦੀ ਵੇਲੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਬੱਚਤ ਵਾਲੀ ਲੱਗਭੱਗ 71 ਏਕੜ ਜ਼ਮੀਨ ਪਿੰਡ ਵਿੱਚ ਅੱਡ ਅੱਡ ਥਾਵਾਂ ਤੇ ਹੈ ਅਤੇ ਚਾਲੀ ਤੋਂ ਵੱਧ ਪਰਿਵਾਰ ਮੁਰੱਬੇਬੰਦੀ ਵੇਲੇ ਤੋਂ ਇਸ ਨੂੰ ਵਾਹੁੰਦੇ ਆ ਰਹੇ ਹਨ ਅਤੇ ਕਾਫੀ ਘਰ ਵੀ ਇਸ ਜ਼ਮੀਨ ਤੇ ਬਣੇ ਹੋਏ ਹਨ ਨਾਲ ਹੀ ਗਿਰਦਾਵਰੀਆਂ ਵੀ ਕਿਸਾਨਾਂ ਦੇ ਨਾਮ ਸਨ । ਪਰ ਪਿਛਲੇ ਮਹੀਨਿਆਂ ਵਿੱਚ ਸਰਕਾਰ ਨੇ ਗਿਰਦਾਵਰੀਆਂ ਵੀ ਤੋੜ ਦਿੱਤੀਆਂ ਹਨ। ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਕਿਸਾਨਾਂ ਨੇ ਇਸ ਧੱਕੇ ਖਿਲਾਫ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਕੋਲ ਪਹੁੰਚ ਕੀਤੀ ਤਾਂ ਜਥੇਬੰਦੀ ਨੇ ਪੜਤਾਲ ਕਰਕੇ ਕਿਸਾਨਾਂ ਦੇ ਪੱਖ ਨੂੰ ਠੀਕ ਪਾਇਆ ਅਤੇ ਉਹਨਾਂ ਦੀ ਮੱਦਦ ਕਰਨ ਦਾ ਐਲਾਨ ਕੀਤਾ ਸੀ। ਇਸ ਮਸਲੇ ਸਬੰਧੀ ਜ਼ਿਲ੍ਹਾ ਅਤੇ ਸੂਬਾ ਕਮੇਟੀ ਵੱਲੋਂ ਪ੍ਰਸ਼ਾਸਨ ਨਾਲ ਕਈ ਵਾਰੀ ਮੀਟਿੰਗਾਂ ਕਰ ਕੇ ਧੱਕੇਸ਼ਾਹੀ ਬੰਦ ਕਰਨ ਲਈ ਕਿਹਾ ਹੈ ਅਤੇ ਪ੍ਰਸ਼ਾਸਨ ਹਰ ਵਾਰ ਕਿਸਾਨਾਂ ਨੂੰ ਇਨਸਾਫ਼ ਦੇਣ ਦਾ ਲਾਰਾ ਲਾਉਂਦਾ ਰਿਹਾ ਹੈ। ਹਾਲੇ 8 ਜੁਲਾਈ ਨੂੰ ਹੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕ ਕੇ ਕੁੱਝ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਵਿਸ਼ਵਾਸਘਾਤ ਕਰਦੇ ਹੋਏ ਧਾੜਵੀਆਂ ਵਾਂਗੂੰ ਆ ਕੇ ਜ਼ਮੀਨ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਤਰਾਂ ਦੀ ਬੇਈਮਾਨੀ ਮਹਿੰਗੀ ਪਵੇਗੀ। ਇਸ ਧੱਕੇਸ਼ਾਹੀ ਖ਼ਿਲਾਫ਼ ਪਿੰਡ ਕੁੱਲਰੀਆਂ ਵਿਖੇ ਚੱਲ ਰਹੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਮਹਿੰਦਰ ਸਿੰਘ ਦਿਆਲਪੁਰਾ ਹਾਜ਼ਰ ਸਨ । ਪਿੰਡ ਮੰਡੇਰ ਵਾਲੇ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਜਨਰਲ ਸਕੱਤਰ ਬਲਵਿੰਦਰ ਸ਼ਰਮਾ, ਖ਼ਜ਼ਾਨਚੀ ਦੇਵੀ ਰਾਮ , ਤਾਰਾ ਚੰਦ ਬਰੇਟਾ, ਸੱਤਪਾਲ ਵਰ੍ਹੇ, ਮੱਖਣ ਉੱਡਤ, ਹਰਬੰਸ ਟਾਂਡੀਆਂ ਅਤੇ ਸਟੇਜ਼ੀ ਕਾਰਵਾਈ ਜ਼ਿਲ੍ਹਾ ਮੀਤ ਪ੍ਰਧਾਨ ਬਲਕਾਰ ਚਹਿਲਾਂ ਵਾਲੀ ਵੱਲੋਂ ਚਲਾਈ ਗਈ ।ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਕਾਤਰੋਂ ਅਤੇ ਹੋਰ ਆਗੂ ਵੀ ਮੌਜੂਦ ਹਨ। ਆਗੂ ਸਰਕਾਰ ਤੋਂ ਆਪਣੇ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ ਅਤੇ ਪ੍ਰਸ਼ਾਸਨ ਸ਼ਾਂਤ ਰਹਿਣ ਲਈ ਕਹਿ ਰਿਹਾ ਹੈ। ਕੁੱਲ ਮਿਲਾ ਕੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ।ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਸਰਕਾਰ ਨੂੰ ਘਿਨਾਉਣੇ ਹੱਥਕੰਡਿਆਂ ਤੋਂ ਬਾਜ਼ ਆਉਣ, ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰਨ ਅਤੇ ਜ਼ਮੀਨ ਤੋਂ ਹੱਥ ਪਰੇ ਰੱਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬਾ ਕਮੇਟੀ ਸਾਰੀ ਸਥਿਤੀ ਤੇ ਪਲ-ਪਲ ਦੀ ਨਜ਼ਰ ਰੱਖ ਰਹੀ ਹੈ। ਜਥੇਬੰਦੀ ਸਰਕਾਰ ਦੇ ਕਿਸੇ ਵੀ ਜਾਬਰ ਹੱਲੇ ਦਾ ਜਥੇਬੰਦਕ ਤਾਕਤ ਨੂੰ  ਮਜ਼ਬੂਤ ਕਰਦਿਆਂ ਤਿੱਖੇ ਸੰਘਰਸ਼ ਨਾਲ ਜਵਾਬ ਦੇਵੇਗੀ। ਅਖੀਰ ਵਿੱਚ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਉਪਰੰਤ ਧਰਨੇ ਵਿੱਚ ਪੁੱਜਣ ‘ਤੇ ਧਰਨਾ ਸਮਾਪਤ ਕੀਤਾ ਗਿਆ । ਜਾਰੀ ਕਰਤਾ: ਅੰਗਰੇਜ ਸਿੰਘ ਮੁਹਾਲੀ, ਸੂਬਾ ਪ੍ਰੈੱਸ ਸਕੱਤਰ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ।

LEAVE A REPLY

Please enter your comment!
Please enter your name here