ਬੋਹਾ 10 ਮਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਸਰਕਾਰ ਦੇ ਹੁਕਮਾਂ ਤੇ ਸਿਹਤ ਵਿਭਾਗ ਨੇ ਪਿੰਡਾਂ ਦੀਆਂ ਡਿਸਪੈਂਸਰੀਆਂ ਅਤੇ ਕਸਬਿਆਂ ਦੇ ਛੋਟੇ ਹਸਪਤਾਲਾਂ ਵਿੱਚੋਂ ਮੁੱਢਲਾ ਸਟਾਫ ਵੱਡੇ ਹਸਪਤਾਲਾਂ ਵਿਚ ਸ਼ਿਫਟ ਕਰ ਦਿੱਤਾ ਹੈ ਜਿਸ ਕਾਰਨ ਇਹ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਅਤੇ ਹਾਲਾਤ ਇਹ ਹਨ ਕਿ ਹੁਣ ਕੋਰੋਨਾ ਦੀ ਆਮਦ ਪਿੰਡਾਂ ਵਿਚ ਜ਼ਿਆਦਾ ਹੋ ਗਈ ਹੈ ਅਤੇ ਲੋਕ ਇਲਾਜ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਉਕਤ ਸਮੱਸਿਆ ਦੇ ਹੱਲ ਲਈ ਸਰਕਾਰ ਨੂੰ ਪਿੰਡਾਂ ਵਿੱਚ ਕੰਮ ਕਰਦੇ ਆਰਐਮਪੀ ਡਾਕਟਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਕੀਤਾ।ਬਣਾਂਵਾਲੀ ਨੇ ਆਖਿਆ ਕਿ ਪਿੰਡਾਂ ਵਿੱਚ ਪ੍ਰੈਕਟਿਸ ਕਰਦੇ ਆਰਐਮਪੀ ਡਾਕਟਰ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਕੇ ਸ਼ਲਾਘਾਯੋਗ ਰੋਲ ਨਿਭਾ ਰਹੇ ਹਨ ਅਤੇ ਉਹ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਤੋਂ ਭਲੀਭਾਂਤ ਜਾਣੂ ਹਨ ਇਸ ਲਈ ਸਰਕਾਰ ਉਨ੍ਹਾਂ ਨੁੰ ਕੋਰੋਨਾ ਟੈਸਟਿੰਗ ਦੀ ਟ੍ਰੇਨਿੰਗ ਦੇ ਕੇ ਅਤੇ ਮਰੀਜ਼ ਦੇ ਪਾਜ਼ੀਟਿਵ ਹੋਣ ਉਪਰੰਤ ਉਸਦੇ ਦੇਖ ਦੇਖ ਲਈ ਫਤਿਹ ਕਿੱਟ ਦੇ ਕੇ ਆਰਐੱਮਪੀ ਡਾਕਟਰ ਨੂੰ ਮਰੀਜ਼ ਦੀ ਦੇਖਭਾਲ ਕਰਨ ਦੀ ਇਜਾਜ਼ਤ ਦੇਵੇ।ਆਪ ਆਗੂ ਨੇ ਆਖਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਪਿੰਡਾਂ ਦੇ ਅਤੇ ਆਮ ਲੋਕਾਂ ਲਈ ਵਿਸ਼ੇਸ਼ ਗਾਈਡਲਾਈਨਜ਼ ਜਾਂ ਐਮਰਜੈਂਸੀ ਨੰਬਰ ਜਾਰੀ ਕਰੇ ਜਿਸ ਤੋਂ ਪਤਾ ਲੱਗੇ ਸਕੇ ਕੇ ਮਰੀਜ਼ ਸੀਰੀਅਸ ਹੋਣ ਦੀ ਹਾਲਤ ਵਿੱਚ ਕਿੱਥੇ ਲਿਜਾਇਆ ਜਾ ਸਕੇ ਉਕਤ ਆਗੂ ਨੇ ਆਖਿਆ ਕਿ ਦੇਖਣ ਵਿਚ ਆ ਰਿਹਾ ਹੈ ਕਿ ਲੋਕ ਸਰਕਾਰੀ ਹਸਪਤਾਲਾਂ ਵਿਚ ਜਗ੍ਹਾ ਨਾ ਹੋਣ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣ ਲਈ ਮਜਬੂਰ ਹਨ ਇਸ ਲਈ ਸਿਹਤ ਵਿਭਾਗ ਕੋਰੋਨਾ ਇਲਾਜ ਸਬੰਧੀ ਹੋਣ ਵਾਲੇ ਖ਼ਰਚੇ ਨੂੰ ਨਿਸ਼ਚਿਤ ਕਰੇ।ਉਧਰ ਇਸ ਸਬੰਧੀ ਗੱਲ ਕਰਨ ਤੇ ਮੈਡੀਕਲ
ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਆਰਐਮਪੀ ਡਾਕਟਰ ਪਿੰਡਾਂ ਦੇ ਲੋਕਾਂ ਦੇ ਲਈ ਹਮੇਸ਼ਾਂ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ ਅਤੇ ਜੇਕਰ ਸਿਹਤ ਵਿਭਾਗ ਕੋਈ ਟ੍ਰੇਨਿੰਗ ਦੇ ਕੇ ਸਾਨੂੰ ਇਨ੍ਹਾਂ ਦਾ ਇਲਾਜ ਕਰਨ ਦਾ ਮੌਕਾ ਦਿੰਦਾ ਹੈ ਤਾਂ ਆਰਐੱਮਪੀ ਡਾਕਟਰ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ ਉਨ੍ਹਾਂ ਆਖਿਆ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਪਹਿਲਾਂ ਵੀ ਪਿੰਡਾਂ ਵਿੱਚ ਪ੍ਰੈਕਟਿਸ ਕਰ ਰਹੇ ਆਰਐੱਮਪੀ ਡਾਕਟਰਾਂ ਨੇ ਕੁਦਰਤੀ ਆਫ਼ਤਾਂ ਨੂੰ ਦੂਰ ਭਜਾਉਣ ਲਈ ਅਹਿਮ ਰੋਲ ਨਿਭਾਇਆ ਹੈ ਅਤੇ ਜੇਕਰ ਹੁਣ ਵੀ ਸਰਕਾਰ ਆਰਐਮਪੀ ਡਾਕਟਰ ਨੂੰ ਕੋਰੋਨਾ ਮੁਹਿੰਮ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ ਤਾਂ ਉਹ ਸਰਕਾਰ ਅਤੇ ਸਿਹਤ ਵਿਭਾਗ ਦੇ ਇਸ ਫ਼ੈਸਲੇ ਦਾ ਸਵਾਗਤ ਕਰਨਗੇ।