04,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਸਕੂਲ ਸਿੱਖਿਆ ਵਿਭਾਗ ਪੰਜਾਬ ਸਿੱਖਿਆ ਦੇ ਤੁਲਨਾਤਮਕ ਅਧਿਐਨ ਅਤੇ ਗੁਣਾਤਮਕ ਵਿਕਾਸ ਲਈ ਯਤਨਸ਼ੀਲ ਹੈ। ਵਿਭਾਗ ਖੇਡ ਵਿਧੀ ਰਾਹੀਂ ਰੌਚਿਕ ਅਧਿਐਨ ‘ਤੇ ਜੋਰ ਦੇ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਇਸਦੇ ਮਨਾਂ ‘ਚ ਸਮਾਜਿਕ ਵਿਗਿਆਨ ਦੇ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਹੋਣ ਦੇ ਨਾਲ ਨਾਲ ਇਸ ਦੇ ਮੂਲ ਤੱਤ ਵੀ ਸਮਝ ‘ਚ ਆਉਣ। ਇਸ ਲਈ ਸਮਾਜਿਕ ਵਿਗਿਆਨ ਵਿਸ਼ੇ ਦੇ ਸਿੱਖਣ ਪਰਿਣਾਮਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਵਾਰ ਸਿੱਖਿਆ ਵਿਭਾਗ ਵੱਲੋਂ ਸਮੁੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਮਾਜਿਕ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਭੁਪਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਵਿਖੇ ਸਕੂਲ ਮੁੱਖੀ ਆਤਮਾ ਸਿੰਘ ਦੀ ਰਹਿਨੁਮਾਈ ਹੇਠ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ‘ਚ ਸਮਾਜਿਕ ਵਿਗਿਆਨ ਵਿਸ਼ੇ ਨਾਲ ਸਬੰਧਤ ਨਕਸ਼ੇ, ਮਾਡਲ, ਵਰਕਿੰਗ ਮਾਡਲ, ਚਾਰਟ, ਕੌਸ਼ਲ ਅਧਾਰਿਤ ਮਾਡਲ ਆਦਿ ਬਣਾਕੇ ਸਕੂਲ਼ ‘ਚ ਪ੍ਰਦਰਸ਼ਨੀ ਲਗਾਈ ਗਈ।ਵਿਸ਼ਾ ਅਧਿਆਪਕ ਪੰਕਜ ਕੁਮਾਰ ਅਤੇ ਰਾਜੇਸ਼ ਕੁਮਾਰ ਦੀ ਅਗਵਾਈ ‘ਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ, ਚਾਰਟ, ਨਕਸ਼ੇ, ਗਲੋਬ ਅਤੇ ਗਤੀਵਿਧੀਆਂ ਦੀ ਪ੍ਰਦਰਸ਼ਨੀ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ, ਮਨਜੀਤ ਕੌਰ, ਕਵਿਤਾ ਬਾਂਸਲ, ਕਮਲਜੀਤ ਕੌਰ, ਅਨੀਤਾ ਗਰਗ, ਭੁਪਿੰਦਰ ਸਿੰਘ ਤੱਗੜ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।