
ਬਰਨਾਲਾ, 23 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ): ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਾਪੇ–ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਮਿਲਣੀ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸੁਖਵੀਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਤੋਂ ਜਾਣੂ ਕਰਵਾਇਆ ਅਤੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਗੱਲਬਾਤ ਕੀਤੀ। ਅਧਿਆਪਕਾਂ ਨੇ ਬੱਚਿਆਂ ਦੇ ਮਾਤਾ–ਪਿਤਾ ਨਾਲ ਬੱਚਿਆਂ ਦੀਆਂ ਰੁਚੀਆਂ, ਸਿਹਤ ਸਬੰਧੀ ਆਦਤਾਂ, ਸਹਿ–ਵਿੱਦਿਅਕ ਕਿਰਿਆਵਾਂ ਅਤੇ ਖੇਡਾਂ ਸਬੰਧੀ ਚਰਚਾ ਵੀ ਕੀਤੀ। ਸਕੂਲ ਮੁਖੀ ਗੁਰਜੀਤ ਕੌਰ ਨੇ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਤੇ ਵੱਖ–ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਮਾਪੇ–ਅਧਿਆਪਕ ਮਿਲਣੀ ਦੌਰਾਨ ਪਹੁੰਚੇ ਮਾਤਾ–ਪਿਤਾ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਅਪਾਕ ਪਰਗਟ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ ਸਮੇਤ ਵਿਦਿਆਰਥੀ ਅਤੇ ਮਾਪੇ ਮੌਜੂਦ ਸਨ।
