ਮਾਨਸਾ, 21 ਨਵੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਪ੍ਰੀਤੀ ਸਾਹਨੀ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਜੀਤ ਕੌਰ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਕੂਲ ਚਕੇਰੀਆਂ ਅਤੇ ਸਰਕਾਰੀ ਮਿਡਲ ਸਕੂਲ ਖਿੱਲਣ ਵਿਖੇ ਵਿਕਲਾਂਗ ਬੱਚਿਆਂ ਲਈ ਕਾਨੂੰਨੀ ਸੇਵਾਵਾਂ ਸਕੀਮ-2021 ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਏ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਐਡਵੋਕੇਟ ਸ਼੍ਰੀ ਬਲਵੰਤ ਭਾਟੀਆ ਨੇ ਕਿਹਾ ਕਿ ਵਿਕਲਾਂਗ ਬੱਚਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਸਹੂਲਤਾਂ ਦਿਵਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦੌਰ ’ਚ ਇਹ ਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ ਕਿ ਹਰ ਵਿਕਲਾਂਗ ਨੂੰ ਉਸ ਦੀ ਵਿਕਲਾਂਗਤਾ ਸਬੰਧੀ ਸਰਟੀਫਿਕੇਟ ਜਾਰੀ ਹੋਵੇ ਅਤੇ ਫਿਰ ਕਾਨੂੰਨ ਅਨੁਸਾਰ ਉਸਨੂੰ ਸਹੂਲਤਾਂ ਦਿਵਾਉਣਾ ਯਕੀਨੀ ਬਣਾਇਆ ਜਾਵੇ।
ਇਨ੍ਹਾਂ ਸੈਮੀਨਾਰਾਂ ਦੌਰਾਨ ਐਡਵੋਕੇਟ ਭਾਟੀਆ ਨੇ ਸਕੀਮ-2021 ਦੇ ਹਵਾਲੇ ਨਾਲ ਕਿਹਾ ਕਿ ਵਿਕਲਾਂਗ ਸਕੂਲੀ ਬੱਚਿਆਂ ਨੂੰ ਸਰਟੀਫਿਕੇਟ ਜਾਰੀ ਕਰਵਾਉਣਾ, ਪੀਣ ਵਾਲੇ ਪਾਣੀ ਦਾ ਅਲੱਗ ਪ੍ਰਬੰਧ ਕਰਵਾਉਣਾ, ਅਲੱਗ ਸੁਵਿਧਾਵਾਂ ਦਾ ਪ੍ਰਬੰਧ ਕਰਨਾ, ਪ੍ਰਤੀਯੋਗਤਾਵਾਂ ਕਰਵਾਉਣਾ ਅਤੇ ਜਾਗਰੂਕਤਾ ਕੈਂਪਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਮੁੱਖ ਅਧਿਆਪਕਾ ਅਮਨਦੀਪ ਕੌਰ, ਕੁਲਜੀਤ ਸਿੰਘ, ਵਾਸੂਦੇਵ, ਗੁਰਵਿੰਦਰ ਕੌਰ, ਬਲਦੀਪ ਕੌਰ, ਨਿਧੀ ਗੁਪਤਾ, ਸੀਮਾ ਰਾਣੀ ਅਤੇ ਰੁਪਿੰਦਰ ਸਿੰਘ ਵੀ ਹਾਜਰ ਸਨ।