
ਬੁਢਲਾਡਾ 6 ਜੂਨ(ਸਾਰਾ ਯਹਾਂ/ਅਮਨ ਮਹਿਤਾ): ਦੇਸ਼ ਪੱਧਰ ਤੇ ਹੋਈ ਵਜ਼ੀਫਾ ਪ੍ਰੀਖਿਆ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਨੂੰ ਕੁਆਲੀਫਾਈ ਕਰਕੇ ਨਜਦੀਕੀ ਪਿੰਡ ਗੁਰਨੇ ਕਲਾ ਦੇ ਸਰਕਾਰੀ ਹਾਈ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਦੀਪ ਕੌਰ ਨੇ 48000 ਰੁਪਏ ਵਜ਼ੀਫਾ ਰਾਸ਼ੀ ਜਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿਦਿਆ ਸਕੂਲ ਮੁਖੀ ਮਨਦੀਪ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ 48000 ਦੀ ਰਾਸ਼ੀ ਪ੍ਰਾਪਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਵਿਦਿਆਰਥਣ ਦੀ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਈ ਇਹ ਰਾਸ਼ੀ ਜਿਤੀ ਹੈ। ਉਹਨਾਂ ਕਿਹਾ ਕਿ ਕਰੋਨਾ ਕਾਰਨ ਸਕੂਲ ਬੰਦ ਹੋਣ ਕਾਰਨ ਸਕੂਲ ਵਿਦਿਆਰਥੀਆਂ ਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਨਹੀਂ ਕਰਵਾ ਸਕਿਆ, ਨਹੀਂ ਇਹ ਗਿਣਤੀ ਜ਼ਿਆਦਾ ਹੋਣੀ ਸੀ। ਇਸ ਪ੍ਰੀਖਿਆ ਦੇ ਨੋਡਲ ਅਧਿਆਪਕ ਪਿਆਰਾ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਪਿਛਲੇ ਸਮੇਂ ਇੱਕ ਸੈਸ਼ਨ ਵਿੱਚ ਇਹ ਪ੍ਰੀਖਿਆ ਅੱਠ ਵਿਦਿਆਰਥੀਆਂ ਨੇ ਪਾਸ ਕੀਤੀ ਸੀ ਅਤੇ ਦਸਵੀਂ ਦੇ ਇੱਕ ਵਿਦਿਆਰਥੀ ਨੇ ਪੰਜਾਬ ਸਟੇਟ ਟੇਲੈਂਟ ਸਰਚ ਪ੍ਰੀਖਿਆ ਵੀ ਪਾਸ ਕੀਤੀ ਸੀ। ਸਕੂਲ ਮੁਖੀ ਨੇ ਕਿਹਾ ਕਿ ਸਾਰਾ ਸਟਾਫ਼ ਵਿਸ਼ੇ ਮੁਤਾਬਿਕ ਇਹਨਾਂ ਵਿਦਿਆਰਥੀਆਂ ਦੀ ਤਿਆਰੀ ਕਰਵਾਉਂਦਾ ਹੈ। ਸਕੂਲ ਦੀ ਇਸ ਪ੍ਰਾਪਤੀ ਤੇ ਸਕੂਲ ਸਟਾਫ਼ ਦੇ ਨਾਲ ਨਾਲ ਸਰਪੰਚ ਗੁਰਜੰਟ ਸਿੰਘ, ਸਕੂਲ ਚੇਅਰਮੈਨ ਗੁਰਪ੍ਰੀਤ ਸਿੰਘ, ਰਾਜ ਕੁਮਾਰ, ਸਾਬਕਾ ਸਰਪੰਚ ਜਗਤਾਰ ਸਿੰਘ, ਬਲਕਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਆਦਿ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ।
