ਦਿੜ੍ਹਬਾ ਮੰਡੀ, 1 ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਫਿੱਟ ਇੰਡੀਆ ਮੁਹਿੰਮ ਤਹਿਤ ‘ਫਿੱਟ ਇੰਡੀਆ ਵੀਕ’ ਮਨਾਇਆ ਗਿਆ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ‘ਫਿੱਟ ਇੰਡੀਆ ਵੀਕ’ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਹਨ। ਉਹਨਾਂ ਨੇ ਦੱਸਿਆ ਕਿ ਪਹਿਲੇ ਦਿਨ ਵਿਦਿਆਰਥੀਆਂ ਨੇ ਭਾਰਤ ਦੇ ਰਵਾਇਤੀ ਲੋਕ ਨਾਚ ਦੀ ਪੇਸ਼ਕਾਰੀ ਕੀਤੀ। ਦੂਸਰੇ ਦਿਨ ਤੰਦਰੁਸਤੀ ਦੀ ਮਹੱਤਤਾ ਸਬੰਧੀ ਭਾਸ਼ਣ, ਲੇਖ, ਕਵਿਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਤੀਸਰੇ ਦਿਨ ਲੋਕ ਖੇਡਾਂ ਕਰਵਾਈਆਂ ਗਈਆਂ ਅਤੇ ਸੰਤੁਲਿਤ ਭੋਜਨ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਚੌਥੇ ਦਿਨ ਸਕੂਲ ਦੀ ਸਮਾਜਿਕ ਜਿੰਮੇਵਾਰੀ ਤਹਿਤ ਸੈਮੀਨਾਰ ਕਰਵਾਇਆ ਗਿਆ। ਪੰਜਵੇਂ ਦਿਨ ਯੋਗ ਆਸਣ ਅਤੇ ਧਿਆਨ ਸਬੰਧੀ ਕਿਰਿਆਵਾਂ ਕਰਵਾਈਆਂ ਗਈਆਂ। ਫਿੱਟਨੈਸ ਵੀਕ ਦੇ ਅਖੀਰਲੇ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤੰਦਰੁਸਤੀ ਬਣਾਈ ਰੱਖਣ ਸਬੰਧੀ ਸਹੁੰ ਚੁਕਾਈ ਗਈ। ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਲਈ ਬੜੇ ਸਹਾਈ ਹੁੰਦੇ ਹਨ। ਇਸ ਮੌਕੇ ਅਧਿਆਪਕਾ ਯਾਦਵਿੰਦਰ ਕੌਰ, ਨੀਤੂ ਸ਼ਰਮਾ, ਜਸਪ੍ਰੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਕੌਰ, ਕੰਚਨਪ੍ਰੀਤ ਕੌਰ, ਸੁਖਵੀਰ ਕੌਰ, ਲਖਵੀਰ ਸਿੰਘ, ਮੰਗਲ ਸਿੰਘ, ਮੰਗਤ ਸਿੰਘ, ਮਨਦੀਪ ਸਿੰਘ, ਹੇਮੰਤ ਸਿੰਘ, ਟਿੰਕੂ ਕੁਮਾਰ ਅਤੇ ਕੁਲਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।