
ਮਾਨਸਾ, 30 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸਿੱਖਿਆ ਦੇ ਪ੍ਰਸਾਰ ਲਈ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤਰਜੀਹੀ ਆਧਾਰ ’ਤੇ ਕੰਮ ਕਰ ਰਹੀ ਹੈ। ਵਿੱਦਿਆ ਨਾਲ ਹੀ ਸਮਾਜ ਵਿਚੋਂ ਅਨ੍ਹਪੜ੍ਹਤਾ ਅਤੇ ਅਗਿਆਨਤਾ ਦਾ ਹਨ੍ਹੇਰਾ ਦੂਰ ਕੀਤਾ ਜਾ ਸਕਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੁਢਲਾਡਾ ਦੀ ਚਾਰਦੀਵਾਰੀ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਾਉਣ ਵੇਲੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਸ ਸਕੂਲ ਦੀ 145 ਮੀਟਰ ਨਵੀਂ ਚਾਰਦੀਵਾਰੀ ਅਤੇ 100 ਮੀਟਰ ਦੀ ਮੁਰੰਮਤ ਲਈ 9,25,000 ਰੁਪੈ ਮਨਜ਼ੂਰ ਕਰਵਾਏ ਹਨ। ਇਸ ਸਕੂਲ ਨੂੰ ਹੋਰ ਫੰਡ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਹਰ ਤਰ੍ਹਾ ਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਸਾਰੇ ਸਕੂਲਾਂ ਨੂੰ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਸਕੂਲਾਂ ਦੀਆਂ ਮੁੱਢਲੀਆਂ ਸਹੂਲਤਾਂ ਪੂਰੀਆਂ ਹੋ ਸਕਣਗੀਆਂ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੁਖੀ ਹਰਭਜਨ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ ਅਰੋੜਾ, ਲੈਕਚਰਾਰ ਪਰਵੀਨ ਕੁਮਾਰ, ਮਾਸਟਰ ਰਿਸ਼ੀਪਾਲ , ਨੀਰਜ ਕੁਮਾਰ, ਭੂਸ਼ਨ ਕੁਮਾਰ, ਰਵੀ ਕੁਮਾਰ, ਹਰਪ੍ਰੀਤ ਕੁਮਾਰ, ਮੈਡਮ ਸੰਗੀਤਾ, ਪਰਵੀਨ ਕੁਮਾਰੀ, ਕੰਚਨ ਰਾਣੀ ਤੋਂ ਇਲਾਵਾ ਗੁਰਦਰਸ਼ਨ ਸਿੰਘ ਪਟਵਾਰੀ ਹਾਜ਼ਰ ਸਨ।
