ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਇਮਤਿਹਾਨ ਲਈ ਡੇਟਸ਼ੀਟ ’ਚ ਤਬਦੀਲੀ

0
84

ਚੰਡੀਗੜ੍ਹ, 3 ਜੁਲਾਈ  (ਸਾਰਾ ਯਹਾ/ ਬਲਜੀਤ ਸ਼ਰਮਾ ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਰਗਰਮੀਆਂ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਦੋ-ਮਾਸਕ ਮੁਲੰਕਣ ਕਰਨ ਲਈ ਆਨ ਲਾਈਨ ਟੈਸਟ ਵਾਸਤੇ ਜਾਰੀ ਕੀਤੀ ਡੇਟ ਸ਼ੀਟ ਵਿੱਚ ਤਬਦੀਲੀ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ 6ਵੀਂ ਤੋਂ 12 ਜਮਾਤ ਦੇ ਵਿਦਿਆਰਥੀਆਂ ਦਾ ਸਬਜੈਕਟਿਵ ਟੈਸਟ ਟੀਚਰ-ਸਟੂਡੈਂਟ ਵਟਸਐਪ ਗਰੁੱਪ ਰਾਹੀਂ ਆਨ ਲਾਈਨ ਲਿਆ ਜਾਵੇਗਾ। ਇਹ ਇਮਤਿਹਾਨ ਹੁਣ 6 ਜੁਲਾਈ 2020 ਦੀ ਥਾਂ 13 ਜੁਲਾਈ ਨੂੰ ਸ਼ੁਰੂ ਹੋ ਕੇ 18 ਜੁਲਾਈ ਨੂੰ ਖਤਮ ਹੋਣਗੇ। ਇਸ ਸਬੰਧੀ ਪ੍ਰਸ਼ਨ ਪੱਤਰ ਹੈਡ ਆਫਿਸ ਰਾਹੀਂ ਤਿਆਰ ਕਰਕੇ ਆਨ ਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ ਵਿੱਚ ਅਬਜੈਕਟਿਵ ਅਤੇ ਸਬਜੈਕਟਿਵ ਦੋਵਾਂ ਤਰ੍ਹਾਂ ਦੇ ਸਵਾਲ ਹੋਣਗੇ।

ਬੁਲਾਰੇ ਅਨੁਸਾਰ ਵਿਦਿਆਰਥੀਆਂ ਦੇ ਇਹ ਟੈਸਟ ਚੈਕ ਕਰਨ ਲਈ ਸਮੂਹ ਵਿਸ਼ਾ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਿਸ਼ਾ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ। ਬੁਲਾਰੇ ਅਨੁਸਾਰ 6ਵੀਂ ਤੋਂ 10ਵੀਂ ਤੱਕ ਦੀਆਂ ਕਲਾਸਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਜਦਕਿ 11ਵੀਂ ਅਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ ’ਤੇ ਤਿਆਰ ਕਰਨਗੇ ਅਤੇ ਆਨ ਲਾਈਨ ਪੇਪਰ ਲੈਣਗੇ।

ਗੌਰਤਲਬ ਹੈ ਕਿ 6ਵੀਂ ਤੋਂ 12ਵੀਂ ਦਾ ਅਪ੍ਰੈਲ ਤੋਂ ਮਈ ਤੱਕ ਦਾ ਦੋ-ਮਾਸਕ ਸਿਲੇਬਸ ਟੀ.ਵੀ.ਚੈਨਲਾਂ/ਜ਼ੂਮ ਕਲਾਸਾਂ/ਪੀ.ਡੀ.ਐਫ. ਅਸਾਈਨਮੈਂਟਾਂ ਰਾਹੀਂ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।    

LEAVE A REPLY

Please enter your comment!
Please enter your name here