ਬਰੇਟਾ ,3 ਨਵੰਬਰ (ਸਾਰਾ ਯਹਾ /ਰੀਤਵਾਲ) ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਦੇ ਵਾਅਦੇ ਉਸ ਸਮੇਂ
ਝੂਠੇ ਸਾਬਿਤ ਹੋ ਜਾਂਦੇ ਹਨ , ਜਦ ਕਿਸੇ ਵਿਭਾਗ ਵਿੱਚ ਬੇਨਿਯਮੀਆਂ ਦੇ ਮਾਮਲਿਆਂ ਦਾ ਪਰਦਾਫਾਸ਼
ਹੋ ਜਾਂਦਾ ਹੈ । ਇਸੇ ਤਰਾਂ੍ਹ ਕੁਝ ਮਾਮਲਿਆਂ ਨੂੰ ਲੈ ਕੇ ਬਰੇਟਾ ਸਬ ਤਹਿਸੀਲ ਦੇ ਦਫਤਰ ਦੀਆਂ
ਬੇਨਿਯਮੀਆਂ ਦੀਆਂ ਕੁਝ ਗੱਲਾਂ ਸਾਹਮਣੇ ਆਉਣ ਤੇ ਉੱਚ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਕੀਤੀ
ਜਾ ਚੁੱਕੀ ਹੈ ਪ੍ਰੰਤੂ ਫਿਰਵੀ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਬਹੁਤ ਸਾਰੀਆਂ
ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਦਫਤਰ ‘ਚ ਬਿਨ੍ਹਾਂ ਕੰਮਕਾਜ ਵਾਲੇ ਕੁਝ ਦਲਾਲ
ਕਿਸਮ ਦੇ ਲੋਕ ਵੀ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ । ਸਮਾਜਸੇਵੀ ਬਿੰਟੂ ਕੁਮਾਰ
ਅਤੇ ਜਸਵੀਰ ਸਿੰਘ ਨੇ ਕਿਹਾ ਕਿ ਅਜਿਹੇ ਕੁਝ ਲੋਕ ਰਜਿਸਟਰੀ ਵਾਲੇ ਦਿਨ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ
‘ਚ ਫਸਾਕੇ ਖੂਬ ਹੱਥ ਰੰਗਦੇ ਹਨ । ਇੰਨਸਾਫ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਜਦ ਅਜਿਹੇ ਭ੍ਰਿਸ਼ਟ
ਵਿਅਕਤੀਆਂ ਬਾਰੇ ਲਗਭਗ ਹਰ ਵਿਅਕਤੀ ਨੂੰ ਪਤਾ ਹੈ ਤਾਂ ਫਿਰ ਤਹਿਸੀਲ ਦੇ ਅਧਿਕਾਰੀਆਂ ਤੋਂ ਅਜਿਹੇ
ਲੋਕਾਂ ਤੇ ਨਕੇਲ ਕਿਉਂ ਨਹੀ ਕਸੀ ਜਾਂਦੀ ? ਇਸੇ ਤਰਾਂ੍ਹ ਅੱਜ ਰਜਿਸਟਰੀਆਂ ਦੇ ਇੰਤਕਾਲ ‘ਚ ਹੋ ਰਹੀਆਂ
ਦੇਰੀਆਂ ਦਾ ਮਾਮਲਾ ਸ਼ੋਸਲ ਮੀਡੀਆ ਤੇ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ । ਇਹ ਪੂਰਾ ਮਾਮਲਾ
ਪਤਾ ਕਰਨ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਫੀਸ ਜਮ੍ਹਾ ਕਰਵਾਉਣ ਦੇ ਬਾਵਜੂਦ ਵੀ ਆਮ
ਲੋਕਾਂ ਨੂੰ ਇੰਤਕਾਲ ਕਰਵਾਉਣ ਸਮੇਂ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ
ਬਹੁਤੇ ਲੋਕ ਇਸ ਪ੍ਰੇਸਾਨੀ ਨੂੰ ਲੈ ਕੇ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਜਿੰਨ੍ਹੀ ਦੇਰ ਭ੍ਰਿਸ਼ਟ
ਬਾਬੂਆਂ ਦੀ ਜੇਬ ਗਰਮ ਨਹੀਂ ਕੀਤੀ ਜਾਂਦੀ , ਉਨ੍ਹੀ ਦੇਰ ਤੱਕ ਆਮ ਲੋਕਾਂ ਦੇ ਕੰਮ ਕਈ ਕਈ ਦਿਨ
ਲਟਕਦੇ ਰਹਿੰਦੇ ਹਨ । ਸੁਣਨ ‘ਚ ਇਹ ਵੀ ਆਇਆ ਹੈ ਕਿ ਅਜਿਹੇ ਕੁਝ ਬਾਬੂਆਂ ਨੇ ਆਪਣੇ ਭਾੜੇ ਤੇ
ਕੁਝ ਦਲਾਲ ਕਿਸਮ ਦੇ ਲੋਕ ਵੀ ਰੱਖੇ ਹੋਏ ਹਨ । ਸਾਫ ਅਕਸ਼ ਵਾਲੇ ਲੋਕਾਂ ਨੂੰ ਅਜਿਹੇ ਵਿਭਾਗਾਂ ‘ਚ
ਨੌਜਵਾਨਾਂ ਦੀ ਹੋਈ ਨਵੀਂ ਭਰਤੀ ਹੋਣ ਤੇ ਇੱਕ ਆਸ ਬੱਝੀ ਸੀ ਕਿ ਹੁਣ ਇਸ ਵਿਭਾਗ ‘ਚ ਭ੍ਰਿਸ਼ਟਾਚਾਰ ਤੇ
ਰੋਕ ਲੱਗੇਗੀ ਪਰ ਨਵੇਂ ਭਰਤੀ ਹੋਏ ਅਜਿਹੇ ਕੁਝ ਨੌਜਵਾਨਾਂ ਦਾ ਵੀ ਭ੍ਰਿਸ਼ਟ ਹੋ ਜਾਣ ਦੀਆਂ ਗੱਲਾਂ ਸੁਣਨ
ਤੋਂ ਬਾਅਦ ਸਾਫ ਅਕਸ਼ ਵਾਲੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆਉਣ ਲੱਗਾ ਹੈ । ਜਦ
ਇਸ ਮਾਮਲੇ ਨੂੰ ਲੈ ਕੇ ਪਟਵਾਰੀ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ ਨਕਾਰਦਿਆਂ ਕਿਹਾ
ਕਿ ਅਜਿਹੀ ਕੋਈ ਗੱਲ ਨਹੀਂ ਹੋਈ। ਜਦ ਇਸ ਸਬੰਧੀ ਨਾਇਬ ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋ ਨਾਲ ਰਾਬਿਤਾ
ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਪਟਵਾਰੀ ਦੀਆਂ ਪਹਿਲਾਂ ਵੀ ਅਜਿਹੀਆਂ ਕਈ ਸ਼ਿਕਾਇਤਾਂ ਆ
ਚੁੱਕੀਆਂ ਹਨ । ਇਹ ਮਾਮਲਾ ਜਲਦ ਹੀ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਜਾਵੇਗਾ । ਸਬ
ਤਹਿਸੀਲ ਦੇ ਦਫਤਰ ‘ਚ ਬਿਨ੍ਹਾਂ ਕੰਮਕਾਜ ਤੋਂ ਫਿਰ ਰਹੇ ਲੋਕਾਂ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ
ਅਜਿਹੇ ਕਿਸੇ ਵੀ ਵਿਅਕਤੀ ਨੂੰ ਦਫਤਰ ‘ਚ ਆਉਣ ਦੀ ਇਜ਼ਾਜਤ ਨਹੀਂ ਹੋਵੇਗੀ । ਹੁਣ ਦੇਖਣ ਵਾਲੀ ਗੱਲ ਇਹ
ਹੋਵੇਗੀ ਕਿ ਅਫਸਰ ਵੱਲੋਂ ਕਹੀ ਗੱਲ ਸੱਚ ਸਾਬਿਤ ਹੁੰਦੀ ਹੈ ਜਾਂ ਫਿਰ ਲੋਕਾਂ ਵੱਲੋਂ ਕਹੀ ਜਾ ਰਹੀ ਗੱਲ ਕੁੱਤੀ
ਚੋਰਾਂ ਨਾਲ ਰਲੀ ਹੋਈ ਹੈ ਸੱਚ ਨਿਕਲਦੀ ।