
ਮਾਨਸਾ, 05 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ ):
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਸਰਕਾਰੀ ਆਈ.ਟੀ.ਆਈ. ਮਾਨਸਾ ਦਾ ਦੌਰਾ ਕਰਦਿਆਂ ਸੰਸਥਾ ਵਿਖੇ ਸਿਖਿਆਰਥੀਆਂ ਦੀ ਬਿਹਤਰ ਸਿਖਲਾਈ ਅਤੇ ਮੁੱਢਲੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਹੁਨਰ ਦੇ ਨਾਲ ਨਾਲ ਸਿਖਿਆਰਥੀਆਂ ਦੀ ਖੇਡਾਂ ਵੱਲ ਵੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਹੋ ਸਕੇ। ਉਨ੍ਹਾਂ ਸੰਸਥਾ ਦੇ ਆਈ.ਐਮ.ਸੀ. ਦੇ ਚੇਅਰਮੈਨ ਸ੍ਰ. ਰੂਪ ਸਿੰਘ ਅਤੇ ਪ੍ਰਿੰਸੀਪਲ ਸ੍ਰ. ਗੁਰਮੇਲ ਸਿੰਘ ਮਾਖਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਸੰਸਥਾ ਦੀ ਇਮਾਰਤ ਤੋਂ ਮੇਨ ਸੜਕ ਤੱਕ ਦਾ ਰਸਤਾ ਇੰਟਰਲੌਕ ਟਾਇਲਾਂ ਨਾਲ ਪੱਕਾ ਕਰਨ ਅਤੇ ਸੰਸਥਾ ਅੰਦਰ ਖੇਡ ਗਰਾਊਂਡਾਂ ਦੇ ਕੰਮਾਂ ਨੂੰ ਕਰਵਾਉਣ ਦਾ ਭਰੋਸਾ ਦਿੱਤਾ।

ਉਨ੍ਹਾਂ ਇਸ ਮੌਕੇ ਸੰਸਥਾ ਵਿਖੇ ਚੱਲ ਰਹੀਆਂ ਵੱਖ ਵੱਖ ਟਰੇਡਾਂ ਦੀਆਂ ਕਲਾਸਾਂ ਦਾ ਨਿਰੀਖਣ ਕੀਤਾ ਅਤੇ ਸਿਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
