
ਮਾਨਸਾ, 27 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ):ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਦੇ ਮੱਦੇਨਜ਼ਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਰਮਜ਼ ਐਕਟ 1959 ਵਿੱਚ ਸੋਧ ਹੋਣ ਤੋਂ ਬਾਅਦ ਇਹ ਸੋਧ ਲਾਗੂ ਹੋ ਚੁੱਕੀ ਹੈ ਅਤੇ ਹੁਣ ਸਮੂਹ ਅਸਲਾ ਲਾਇਸੰਸ ਧਾਰਕ ਆਪਣੇ ਲਾਇਸੰਸ ’ਤੇ ਵੱਧ ਤੋਂ ਵੱਧ ਦੋ ਹੀ ਅਸਲੇ ਰੱਖ ਸਕਦੇ ਹਨ। ਇਨ੍ਹਾਂ ਹਦਾਇਤਾਂ ਦੀ ਰੌਸ਼ਨੀ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਜਾਰੀ ਕੀਤੀ ਹੈ ਕਿ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਸਮੂਹ ਅਸਲਾ ਲਾਇਸੰਸ ਧਾਰਕ, ਜਿਨ੍ਹਾਂ ਕੋਲ ਲਾਇਸੰਸ ’ਤੇ 2 ਤੋਂ ਵੱਧ ਅਸਲੇ ਦਰਜ ਹਨ, ਉਹ ਨਿਸ਼ਚਿਤ ਮਿਤੀ 13 ਦਸੰਬਰ 2020 ਤੋਂ ਪਹਿਲਾਂ ਪਹਿਲਾਂ ਆਪਣਾ ਵਾਧੂ ਤੀਜਾ ਅਸਲਾ ਤੁਰੰਤ ਨਜ਼ਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ, ਗੰਨ ਹਾਊਸ ਵਿੱਚ ਜਮ੍ਹਾਂ ਕਰਵਾਉਣ ਅਤੇ ਇਨ੍ਹਾਂ ਅਸਲਿਆਂ ਦੇ ਨਿਪਟਾਰੇ ਜਾਂ ਸੇਲ ਪਰਮਿਸ਼ਨ ਬਿਨੈ ਕਰਨ ਸਬੰਧੀ ਤੁਰੰਤ ਸੇਵਾ ਕੇਂਦਰ ਨਾਲ ਸੰਪਰਕ ਕਰਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਅਣਗਹਿਲੀ ਦੀ ਸੂਰਤ ਵਿੱਚ ਸਬੰਧਤ ਅਸਲਾ ਲਾਇਸੰਸ ਧਾਰਕ ਖੁਦ ਜ਼ਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਹੋਣ ਕਾਰਨ ਤੀਜਾ ਅਸਲਾ ਜ਼ਬਤ ਵੀ ਕੀਤਾ ਜਾ ਸਕਦਾ ਹੈ।
