
ਮਾਨਸਾ, 27 ਅਗਸਤ (ਸਾਰਾ ਯਹਾਂ/ਚਾਨਣਦੀਪ ਔਲਖ )
ਇੰਡੀਅਨ ਐਸੋਸੀਏਸ਼ਨ ਆਫ ਡਰਮਾਟੋਲੋਜਿਸਟਸ, ਵੈਨੇਰੀਓਲੋਜਿਸਟਸ ਅਤੇ ਲੈਪ੍ਰੋਲੋਜਿਸਟ (IADVL) ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਥੀਮ ਮਿਸ਼ਨ ਪ੍ਰਿਜਨ ਤਹਿਤ ਸਮੁਦਾਇਕ ਚਮੜੀ ਵਿਗਿਆਨ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ ਅਨੁਸਾਰ ਜ਼ਿਲਾ ਜੇਲ੍ਹ ਮਾਨਸਾ ਵਿਖੇ ਚਮੜੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।

ਇਸ ਮੌਕੇ ਕੋਹੜ ਅਤੇ ਚਮੜੀ ਦੇ ਹੋਰ ਰੋਗਾਂ ਬਾਰੇ ਜਾਗਰੂਕਤਾ ਜਾਣਕਾਰੀ ਦਿੰਦਿਆਂ ਜ਼ਿਲਾ ਲੈਪਰੋਸੀ ਅਫਸਰ ਡਾ. ਨਿਸ਼ਾਂਤ ਗੁਪਤਾ ਨੇ ਦੱਸਿਆ ਕਿ ਸਾਨੂੰ ਹੋਰ ਰੋਗਾਂ ਵਾਂਗ ਚਮੜੀ ਦੇ ਰੋਗਾਂ ਤੋਂ ਬਚਾਅ ਲਈ ਚਮੜੀ ਦੀ ਦੇਖਭਾਲ ਅਤੇ ਸੰਭਾਲ ਲਾਜ਼ਮੀ ਕਰਨੀ ਚਾਹੀਦੀ ਹੈ। ਇਸ ਦੇ ਲਈ ਚਮੜੀ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਤਰ੍ਹਾਂ ਦੀ ਖਾਰਸ਼, ਚਮੜੀ ਦੇ ਰੰਗ ਵਿੱਚ ਬਦਲਾਅ, ਚਮੜੀ ਦੇ ਸੁੰਨ ਦਾਗ਼ ਪੈਣ ਆਦਿ ਦੀ ਸੂਰਤ ਵਿੱਚ ਚਮੜੀ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਚਮੜੀ ਤੇ ਪਏ ਤਾਂਬੇ ਰੰਗ ਦੇ ਸੁੰਨ ਦਾਗ਼ ਕੋਹੜ ਰੋਗ ਦੀ ਨਿਸ਼ਾਨੀ ਹੋ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੋਹੜ ਰੋਗ ਹੁਣ ਪੂਰੀ ਤਰ੍ਹਾਂ ਇਲਾਜ ਯੋਗ ਹੈ ਅਤੇ ਸਾਰੇ ਜ਼ਿਲਾ ਹਸਪਤਾਲਾਂ ਵਿੱਚ ਇਸ ਦੀ ਦਵਾਈ ਮੁਫ਼ਤ ਮਿਲਦੀ ਹੈ। ਜੇਲ੍ਹ ਸੁਪਰਡੈਂਟ ਸ੍ਰੀ ਅਰਵਿੰਦਰਪਾਲ ਭੱਟੀ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 50 ਮਰੀਜ਼ਾਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਡਾ, ਹਰਮਨਦੀਪ ਸਿੰਘ, ਡਾ. ਚਰਨਜੀਤ ਸਿੰਘ, ਸੰਦੀਪ ਫਾਰਮਾਸਿਸਟ, ਪਰਮਜੀਤ ਕੌਰ ਸਟਾਫ਼ ਨਰਸ ਆਦਿ ਹਾਜ਼ਰ ਸਨ।
