ਮਾਨਸਾ 10 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਮਾਨਸਾ ਨੇੜਲੇ ਪਿੰਡ ਕੋਟਧਰਮੂ ਦੀ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਦਲਿਤ ਪਰਿਵਾਰ ਨਾਲ ਸਬੰਧਤ ਜਿਹੜੀ ਲੜਕੀ ਵੱਲੋਂ ਤਿੰਨ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਗਈ ਹੈ,ਉਸ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਆਰੰਭੀ ਗਈ ਜਾਂਚ ਦੌਰਾਨ ਲੜਕੀ ਦੀ ਮਾਤਾ ਦੇ ਪਿੰਡ ਵਿੱਚ ਕਿਸੇ ਹੋਰ ਵਿਅਕਤੀ ਨਾਲ ਸਬੰਧਾਂ ਦਾ ਮਾਮਲਾ ਉਜਾਗਰ ਹੋਇਆ ਹੈ। ਇਸ ਤੋਂ ਪਹਿਲਾਂ ਇਸ ਲੜਕੀ ਦੇ ਪੜ੍ਹਾਈ ਲਈ ਸਮਰਾਟ ਫੋਨ ਨਾ ਮਿਲਣ ਅਤੇ ਘਰ ਦੀ ਗਰੀਬੀ ਤੋਂ ਤੰਗ ਆਕੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਬੇਸ਼ੱਕ ਪੁਲੀਸ ਨੇ ਪਰਿਵਾਰਕ ਮੈਂਬਰਾਂ ਵੱਲੋਂ ਲਿਖਾਈ ਰਿਪੋਰਟ ਮੁਤਾਬਕ 174 ਦਾ ਮਾਮਲਾ ਦਰਜ ਕੀਤਾ ਗਿਆ ਸੀ, ਪਰ ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੂੰ ਮਾਮਲਾ ਸ਼ੱਕੀ ਲੱਗਣ ਤੋਂ ਬਾਅਦ ਇਸ ਦੀ ਜਾਂਚ ਡੀਐਸਪੀ ਹਰਜਿੰਦਰ ਸਿੰਘ ਗਿੱਲ ਤੋਂ ਕਰਵਾਈ ਗਈ, ਜਿੰਨ੍ਹਾਂ ਵੱਲੋਂ ਅੱਜ ਪਿੰਡ ਵਿੱਚ ਜਾਕੇ ਬਕਾਇਦਾ ਪੜਤਾਲ ਆਰੰਭ ਕੀਤੀ ਗਈ, ਜਿਸ ਵਿੱਚ ਕਈ ਨਵਾਂ ਮਾਮਲਾ ਉਭਰਕੇ ਸਾਹਮਣੇ ਆਇਆ ਹੈ।
ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ ਵਿੱਚ ਜਾਕੇ ਕੀਤੀ ਗਈ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਰਮਨਦੀਪ ਕੌਰ ਦੇ ਖੁਦਕੁਸ਼ੀ ਦਾ ਕਾਰਨ ਜਾਂਚਣ ਲਈ ਉਹ ਪਿੰਡ ਗਏ ਅਤੇ ਪਿੰਡ ਵਿੱਚ ਜਾਕੇ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਅੰਤੀ ਕੌਰ ਦੇ ਦੇਸਾ ਸਿੰਘ ਪੁੱਤਰ ਬੰਸੀ ਸਿੰਘ ਨਾਲ ਸਬੰਧ ਸਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਉਸ ਦਾ ਪਿਤਾ ਮਾਨਸਾ ਦਿਹਾੜੀ ਕਰਨ ਵਾਸਤੇ ਆ ਗਿਆ ਅਤੇ ਉਸਦਾ ਭਰਾ ਉਸਦੇ ਤਾਏ ਨਾਲ ਪਿੰਡ ਵਿੱਚ ਦਰੱਖਤਾਂ ਦੀ ਵਾਢ ਲਈ ਚੱਲਦੇ ਕੰਮ ਉਪਰ ਚਲਾ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਉਸਦੀ ਮਾਂ ਦੇਸਾ ਸਿੰਘ ਨਾਲ ਚਲੀ ਗਈ ਅਤੇ ਜਦੋਂ ਸ਼ਾਮ ਦੇ ਸਾਢੇ ਪੰਜ ਵਜੇ ਤੱਕ ਵਾਪਸ ਨਾ ਆਈ ਤਾਂ ਉਸ ਨੇ ਗੁਆਂਢੀਆਂ ਤੋਂ ਆਪਣੀ ਮਾਂ ਨਾਲ ਸੰਪਰਕ ਕਰਨ ਲਈ ਫੋਨ ਮੰਗਿਆ ਤਾਂ ਉਸ ਵਿੱਚ ਬੈਲੰਸ ਨਾ ਹੋਣ ਕਾਰਨ ਫੋਨ ਨਾ ਹੋ ਸਕਿਆ ਅਤੇ ਉਹ ਆਪਣੇ ਘਰ ਆਕੇ ਇਸ ਗੱਲ ਤੋਂ ਡਰ ਗਈ ਕਿ ਉਸਦਾ ਪਿਤਾ ਮਾਂ ਦੇ ਘਰ ਨਾ ਹੋਣ ਕਾਰਨ ਉਸ ਨੂੰ ਲੜੇਗਾ ਅਤੇ ਉਸ ਨੇ ਇਸ ਤੋਂ ਘਬਰਾਹਟ ਮਹਿਸੂਸ ਕਰਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਨਵੇਂ ਸਿਰੇ ਤੋਂ ਮਾਮਲਾ ਦਰਜ ਕਰੇਗੀ।