ਸਮਝਦਾਰ ਹੋਏ ਪੰਜਾਬ ਦੇ ਕਿਸਾਨ, ਸੂਬੇ ‘ਚ ਪਰਾਲੀ ਸਾੜਨ`ਚ ਆਈ ਗਿਰਾਵਟ..! ਮੁੱਖ ਸਕੱਤਰ ਵਿਨੀ ਮਹਾਜਨ ਦਾ ਦਾਅਵਾ

0
24

ਚੰਡੀਗੜ, 31 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): :ਪੰਜਾਬ ਵਿਚ ਇਸ ਸਾਲ ਪਰਾਲੀ ਸਾੜਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇੱਥੇ ਸੂਬੇ ਦੇ ਸਾਰੇ ਸੀਨੀਅਰ ਅਧਿਕਾਰੀਆਂ, ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਗੱਲ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਸਾਰਥਕ ਕਦਮਾਂ ਸਦਕਾ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 5 ਫੀਸਦੀ ਤੋਂ ਵੀ ਜ਼ਿਆਦਾ ਕਮੀ ਰਹੀ ਹੈ। ਉਨਾਂ ਕਿਹਾ ਕਿ ਇਸ ਦਰ ਵਿਚ ਹੋਰ ਜ਼ਿਆਦਾ ਕਮੀ ਲਿਆਉਣ ਲਈ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।ਪੰਜਾਬ ਵਿਚ ਹੁਣ ਤੱਕ 137.89 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਨਾਲੋਂ 33 ਫੀਸਦੀ ਜ਼ਿਆਦਾ ਹੈ। ਪਰਾਲੀ ਸਾੜਨ ਦੀ ਸਮੱਸਿਆ ਬਾਬਤ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਜ਼ਿਲਾ ਅਧਿਕਾਰੀ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲੈਣ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਦਰਜ ਕੀਤੀਆਂ ਗਈਆਂ ਹਨ। ਪਿਛਲੇ ਸਾਲ ਨਾਲੋਂ ਇਸ ਸਾਲ ਇਕ ਦਿਨ ਵਿਚ ਹੀ ਪਰਾਲੀ ਸਾੜਨ ਦੇ 336 ਮਾਮਲੇ ਘੱਟ ਸਾਹਮਣੇ ਆਏ ਹਨ ਜਦਕਿ ਝੋਨੇ ਦੀ ਆਮਦ 33 ਫੀਸਦੀ ਜ਼ਿਆਦਾ ਹੈ। ਇਸ ਸਾਲ 7.49 ਲੱਖ ਹੈਕਟੇਅਰ ਜ਼ਮੀਨ ਦੀ ਪਰਾਲੀ ਸਾੜੀ ਗਈ ਹੈ ਜੋ ਕਿ ਪਿਛਲੇ ਸਾਲ 7.90 ਲੱਖ ਹੈਕਟੇਅਰ ਸੀ। ਇਸ ਸਾਲ ਇਹ ਦਰ ਪਿਛਲੇ ਸਾਲ ਨਾਲੋਂ 5.23 ਫੀਸਦੀ ਘੱਟ ਹੈ।ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁੱਧ ਤਿਵਾੜੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਪਿਛਲੇ ਸਾਲ 30 ਅਕਤੂਬਰ ਨੂੰ ਪਰਾਲੀ ਸਾੜਨ ਦੇ 3135 ਮਾਮਲੇ ਸਾਹਮਣੇ ਆਏ ਸਨ ਜੋ ਕਿ ਇਸ ਸਾਲ 2799 ਹਨ। ਬਠਿੰਡਾ ਜ਼ਿਲੇ ਵਿਚ ਪਿਛਲੇ ਸਾਲ ਦੇ 343 ਮਾਮਲਿਆਂ ਦੇ ਮੁਕਾਬਲੇ ਇਸ ਸਾਲ 202 ਮਾਮਲੇ ਸਾਹਮਣੇ ਆਏ ਹਨ। ਇਸੇ ਤਰਾਂ ਫਿਰੋਜ਼ਪੁਰ ਵਿਚ ਪਿਛਲੇ ਸਾਲ ਦੇ 328 ਮਾਮਲਿਆਂ ਦੇ ਮੁਕਾਬਲੇ ਇਸ ਸਾਲ 290 ਅਤੇ ਮਾਨਸਾ ਵਿਚ 285 ਦੀ ਥਾਂ 151 ਮਾਮਲੇ ਦਰਜ ਕੀਤੇ ਗਏ ਹਨ। ਬਾਕੀ ਜ਼ਿਲਿਆਂ ਵਿਚ ਵੀ ਇਹ ਕਮੀ ਦਰਜ ਕੀਤੀ ਗਈ ਹੈ। ਮੁੱਖ ਸਕੱਤਰ ਨੇ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਨੂੰ ਦੱਸਿਆ ਗਿਆ ਕਿ ਹੁਣ ਤੱਕ ਕੁੱਲ 22753.44 ਕਰੋੜ ਰੁਪਏ ਵਿਚੋਂ 22506.10 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਝੋਨਾ ਚੁੱਕ ਲਿਆ ਗਿਆ ਹੈ।ਇਸ ਦੇ ਨਾਲ ਹੀ ਸੂਬੇ ਵਿਚ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ ਕਰਦਿਆਂ ਮੁੱਖ ਸੱਕਤਰ ਨੇ ਆਰਟੀ ਪੀਸੀਆਰ ਟੈਸਟਿੰਗ ਤੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਵਿਚ ਕਰੋਨਾ ਮਾਮਲਿਆਂ ਵਿਚ ਕਮੀ ਆਈ ਹੈ ਅਤੇ ਇਹ ਸਿਰਫ ਜ਼ਿਆਦਾ ਟੈਸਟਾਂ ਦਾ ਹੀ ਨਤੀਜਾ ਹੈ। ਉਨਾਂ ਕਿਹਾ ਕਿ ਭੀੜ ਵਾਲੀਆਂ ਥਾਂਵਾਂ ਅਤੇ ਦਫਤਰਾਂ ਵਿਚ ਟੈਸਟ ਜ਼ਿਆਦਾ ਕੀਤੇ ਜਾਣ। ਮੁੱਖ ਸਕੱਤਰ ਨੇ ਕਿਹਾ ਕਿ ਸਾਰੇ ਸਰਕਾਰੀ ਦਫਤਰ ਹੁਣ 100 ਫੀਸਦੀ ਸਟਾਫ ਨਾਲ ਕੰਮ ਕਰ ਰਹੇ ਹਨ ਇਸ ਲਈ ਆਰਟੀ ਪੀਸੀਆਰ ਟੈਸਟਾਂ ਵਿਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਮੁੱਖ ਸਕੱਤਰ ਨੇ ਡੇਂਗੂ ਨਾਲ ਨਜਿੱਠਣ ਲਈ ਵੀ ਜ਼ਿਲਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਆਗਾਮੀ ਦਿਨਾਂ ਵਿਚ ਤਿਉਹਾਰਾਂ ਦੇ ਮੱਦੇਨਜ਼ਰ ਮੁੱਖ ਸਕੱਤਰ ਨੇ ਪਟਾਕਿਆਂ ਦੀ ਵਿਕਰੀ ਵੱਲ ਖਾਸ ਧਿਆਨ ਦੇਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਕੋਵਿਡ-19 ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਸਾਰੀ ਪ੍ਰਕਿਰਿਆ ਨੂੰ ਸਿਰੇ ਚੜਾਇਆ ਜਾਵੇ ਅਤੇ ਵਿਦੇਸ਼ੀ ਪਟਾਕਿਆਂ ਦੀ ਵਿਕਰੀ ’ਤੇ ਖਾਸ ਨਜ਼ਰ ਰੱਖੀ ਜਾਵੇ। ਉਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਪਟਾਕਿਆਂ ਦੀ ਵਿਕਰੀ ਲਈ ਲਾਇਸੰਸ ਜਾਰੀ ਕੀਤੇ ਜਾਣ।ਮੀਟਿੰਗ ਵਿਚ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਜ਼ ਅਤੇ ਐਸ.ਐਸ,ਪੀਜ਼ ਤੋਂ ਇਲਾਵਾ ਡੀਜੀਪੀ ਦਿਨਕਰ ਗੁਪਤਾ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਉਦਯੋਗ ਅਤੇ ਕਾਮਰਸ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਾ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਡੀਕੇ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਹੁਸਨ ਲਾਲ ਅਤੇ ਡਾ. ਕੇ.ਕੇ. ਤਲਵਾਰ ਆਦਿ ਹਾਜ਼ਰ ਸਨ।———-

LEAVE A REPLY

Please enter your comment!
Please enter your name here