ਚੰਡੀਗੜ੍ਹ 28, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : 26 ਜਨਵਰੀ ਨੂੰ ਦਿੱਲੀ ਵਿਖੇ ਹੋਈ ਹਿੰਸਾ ਨੂੰ ਵਿਰੋਧੀ ਧਿਰਾਂ ਤੇ ਕਿਸਾਨ ਸਮਰਥਕਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੀ ਚਾਲ ਦੱਸਿਆ ਜਾ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਨੇ ਵੀ ਇਹ ਇਲਜ਼ਾਮ ਮੁੜ ਦੁਹਰਾਇਆ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਆਰਐਸਐਸ, ਭਾਜਪਾ ਤੇ ਏਜੰਸੀਆਂ ਨਾਲ ਮਿਲਕੇ ਮੋਦੀ ਸਰਕਾਰ ਦੀਆਂ ਘਟੀਆਂ ਚਾਲਾਂ ਨੇ ਅੱਜ ਦੇਸ਼ ਨੂੰ ਦੁਨੀਆ ਭਰ ਵਿੱਚ ਸ਼ਰਮਸਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜਮਹੂਰੀ ਢੰਗ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਸਾਡੇ ਲੋਕਤੰਤਰ ਦੇਸ਼ ਦਾ ਸਿਰ ਉੱਚਾ ਕੀਤਾ ਸੀ, ਪਰ ਭਾਜਪਾ ਦੀ ਘਟੀਆ ਸੋਚ ਨੇ ਆਪਣੇ ਆਦਮੀਆਂ ਰਾਹੀਂ ਦੇਸ਼ ਦੇ ਲੋਕਤੰਤਰ ਨੂੰ ਬਹੁਤ ਵੱਡੀ ਢਾਹ ਲਾਈ ਹੈ।
ਚੀਮਾ ਨੇ ਕਿਹਾ ਕਿ ਜੋ ਕਿਸਾਨ ਇਸ ਘਟਨਾ ਵਿੱਚ ਸ਼ਾਮਲ ਨਹੀਂ ਸਨ, ਪੁਲਿਸ ਨੇ ਉਨ੍ਹਾਂ ਕਿਸਾਨਾਂ ਆਗੂਆਂ ਉੱਤੇ ਝੂਠੇ ਕੇਸ ਦਰਜ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਸਿਰਫ ਸਿਆਸਤ ਤਹਿਤ ਹੀ ਹੋਇਆ ਹੈ। ਉਨ੍ਹਾਂ ਕਿਹਾ ਚਾਹੀਦਾ ਤਾਂ ਇਹ ਸੀ ਕਿ ਦਿੱਲੀ ਪੁਲਿਸ ਭਾਜਪਾ ਦੇ ਏਜੰਟ ਦੀਪ ਸਿੱਧੂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ‘ਤੇ ਕਾਰਵਾਈ ਕਰਦੀ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਪਿਛਲੇ ਲੰਬੇ ਸਮੇਂ ਤੋਂ ਹੀ ਇਹ ਕਹਿੰਦੇ ਆਏ ਹਨ ਕਿ ਦੀਪ ਸਿੱਧੂ ਭਾਜਪਾ ਦਾ ਏਜੰਟ ਹੈ ਤੇ ਅੰਦੋਲਨ ਨੂੰ ਗਲਤ ਰੰਗਤ ਦੇਣਾ ਚਾਹੁੰਦਾ ਹੈ। ਲਾਲ ਕਿਲੇ ਦੀ ਘਟਨਾ ਸਬੰਧੀ ਵੀ ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪ ਲਾਈਵ ਹੋ ਕੇ ਸਾਰੇ ਸਬੂਤ ਦਿੱਤੇ।
ਚੀਮਾ ਨੇ ਕਿਹਾ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਚਹੇਤੇ ਨੂੰ ਖੁੱਲ੍ਹੇਆਮ ਛੱਡ ਦਿੱਤਾ, ਜਿਸ ਤੋਂ ਦਿੱਲੀ ਪੁਲਿਸ ਦੀ ਨੀਅਤ ‘ਤੇ ਸ਼ੱਕ ਹੁੰਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਯੂਨੀਅਨ ਦੀ ਸਿਰਫ ਇਕ ਮੰਗ ਹੈ ਕਿ ਖੇਤੀ ਬਾਰੇ ਲਿਆਂਦੇ ਗਏ ਤਿੰਨੇ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੀ ਹੈ