
ਚੰਡੀਗੜ੍ਹ, 5 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਵਾਲੀ ਸਰਕਾਰ ਵਲੋਂ ਅਗਲੇ ਪੰਜ ਸਾਲ ਵਿਚ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਕੱਢਣ ਲਈ ਠੋਸ ਕਦਮ ਉਠਾਏ ਜਾਣਗੇ ਜਿੰਨਾਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕੀਤਾ ਜਾਵੇਗਾ। ਅੱਜ ਇੱਥੇ ਪੰਜਾਬ ਭਵਨ ਵਿਖੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਉੱਚ ਪੱਧਰ ਵਫਦ ਅਤੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਦੌਰਾਨ ਦuਨੀਆਂ ਭਰ ਦੇ ਖੇਤੀਬਾੜੀ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਬਦਲਵੇਂ ਲਾਹੇਵੰਦ ਹੱਲ ਲਈ ਸੁਝਾਅ ਦੇਣ ਜਿੰਨਾਂ ਨੂੰ ਲਾਗੂ ਕਰਨ ਲਈ ਸਰਕਾਰ ਵਲੋਂ ਸੁਹਿਰਦ ਯਤਨ ਕੀਤੇ ਜਾਣਗੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਵਿਚ ਟਿਸ਼ੂ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵਲੋਂ ਰੋਡ ਮੈਪ ਤਿਅਰ ਕੀਤਾ ਜਾ ਰਿਹਾ ਜਿਸ ਲਈ ਮਾਹਿਰ ਆਪਣੇ ਸੁਝਾਅ ਖੇਤੀਬਾੜੀ ਮਹਿਕਮੇ ਨਾਲ ਸਾਂਝੇ ਕਰਨ। ਮੰਤਰੀ ਨੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਰ ਅਤੇ ਮਿਆਰ ਨੂੰ ਵਧਾਉਣ ਲਈ ਸੂਬੇ ਵਿਚ ਟਿਸ਼ੂ ਕਲਚਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਫਲ ਅਤੇ ਸਬਜ਼ੀਆਂ ਬਹੁਤਾ ਦੇਰ ਸੰਭਾਲ ਕੇ ਨਹੀਂ ਰੱਖੀਆਂ ਜਾ ਸਕਦੀਆਂ। ਸੂਬੇ ਤੋਂ ਦੂਰ ਦੁਰਾਡੇ ਦੇਸ਼ ਅਤੇ ਵਿਦੇਸ਼ਾਂ ਵਿਚ ਫਲ ਅਤੇ ਸਬਜੀਆਂ ਭੇਜਣੀਆਂ ਬਾਰਾ ਨਹੀਂ ਖਾਂਦੀਆਂ ਕਿਉਂਕਿ ਸੂਬੇ ਦੀਆਂ ਸਰਹੱਦਾਂ ਤੋਂ ਬੰਦਰਗਾਹਾਂ ਬਹੁਤ ਦੂਰ ਹਨ ਅਤੇ ਪਹਿਲਾਂ ਬੰਦਰਗਾਹ ਪਹੁੰਚਣ ਵਿਚ ਕਈ ਕਈ ਦਿਨ ਲੱਗ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਮੰੁਦਰੀ ਰਸਤੇ ਰਾਹੀਂ ਦੂਜੇ ਦੇਸ਼ਾਂ ਤੱਕ ਪਹੁੰਚਣ ਵਿਚ ਕਈ ਦਿਨ ਲੱਗ ਜਾਂਦੇ ਹਨ ਉਦੋਂ ਤੱਕ ਫਲ ਅਤੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਇਸੇ ਤਰਾਂ ਹਵਾਈ ਜਹਾਜਾਂ ਰਾਹੀ ਫਲ ਅਤੇ ਸਬਜ਼ੀਆਂ ਭੇਜਣਾ ਵੀ ਕਿਸਾਨਾਂ ਨੂੰ ਬਾਰਾ ਨਹੀਂ ਪੈਂਦਾ ਕਿਉਂਕਿ ਹਵਾਈ ਜਹਾਜ਼ ਰਾਹੀਂ ਖਰਚਾ ਹੀ ਬਹੁਤ ਪੈ ਜਾਂਦਾ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸੂਬੇ ਵਿਚ ਹੀ ਸਿੱਧਾ ਮੰਡੀਕਰਨ ਢਾਂਚਾ ਖੜਾ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਸੂਬੇ ਵਿਚ ਕਿਸਾਨਾਂ ਲਈ ਛੋਟੇ ਕੋਲਡ ਸਟੋਰ ਅਤੇ ਪੈਕਹਾਉਸ ਬਣਾਏ ਜਾਣਗੇ ਤਾਂ ਜੋ ਕਿਸਾਨ ਫਲਾਂ ਅਤੇ ਸਬਜੀਆਂ ਨੂੰ ਕਈ ਦਿਨ ਸੰਭਾਲ ਕੇ ਰੱਖਿਆ ਜਾ ਸਕੇ ਅਤੇ ਵਧੀਆ ਮੁੱਲ ‘ਤੇ ਕਿਸਾਨ ਸਿੱਧਾ ਖਪਤਕਾਰਾਂ ਨੂੰ ਵੇਚ ਸਕਣ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਗੁਰਵਿੰਦਰ ਸਿੰਘ, ਬਾਗਵਾਨੀ ਵਿਭਾਗ ਦੀ ਡਾਇਰੈਕਟਰ ਡਾ. ਸਲਿੰਦਰ ਕੌਰ, ਕੇਂਦਰੀ ਖੇਤੀਬਾੜੀ ਮੰਤਰਾਲੇ ਤੋਂ ਹਰਪ੍ਰੀਤ ਸਿੰਘ, ਖੇਤੀਬਾੜੀ ਮਹਿਰ ਡਾ. ਐਸ.ਐਨ ਚੰਡਾਕ ਅਤੇ ਅਮਿਤ ਭਾਰਦਵਾਜ ਵੀ ਹਾਜ਼ਰ ਸਨ।—————
