
ਮਾਨਸਾ, 21 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 01 ਜਨਵਰੀ 2025 ਦੇ ਸ਼ਡਿਊਲ ਅਨੁਸਾਰ 23 ਤੇ 24 ਨਵੰਬਰ 2024 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ, ਜਿੰਨ੍ਹਾਂ ਵਿੱਚ ਬੀ.ਐਲ.ਓਜ਼ ਆਪਣੇ ਨਾਲ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਡਰਾਫਟ ਵੋਟਰ ਸੂਚੀ ਦੇ ਆਧਾਰ ’ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਕਤ ਮਿਤੀਆਂ ਨੂੰ ਬੀ.ਐਲ.ਓਜ਼ ਵੱਲੋਂ ਆਪਣੇ ਬੂਥਾਂ ’ਤੇ ਬੈਠ ਕੇ ਵੋਟਰ ਸੂਚੀ ਦੀ ਸੁਧਾਈ ਸਬੰਧੀ ਫਾਰਮ ਭਰੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਮਿਤੀ 01 ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਪੂਰੀ ਕਰਦਾ ਹੈ, ਤਾਂ ਉਹ ਉਕਤ ਮਿਤੀਆਂ ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਸਬੰਧਤ ਬੀ.ਐਲ.ਓ. ਕੋਲ ਫਾਰਮ ਨੰਬਰ 6 ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਇਸ ਤੋਂ ਇਲਾਵਾ ਫਾਰਮ ਨੰਬਰ 7 ਭਰਕੇ ਵੋਟ ਕਟਵਾਈ ਜਾ ਸਕਦੀ ਹੈ ਅਤੇ ਫਾਰਮ ਨੰਬਰ 8 ਭਰਕੇ ਆਪਣੀ ਪਹਿਲਾਂ ਰਜਿਸਟਰਡ ਵੋਟ ਵਿੱਚ ਸੋਧ ਕਰਵਾਈ ਜਾ ਸਕਦੀ ਹੈ।
