
ਚੰਡੀਗੜ੍ਹ, 9 ਫ਼ਰਵਰੀ: (ਸਾਰਾ ਯਹਾਂ/ਬਿਊਰੋ ਨਿਊਜ਼)
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਛੱਤੀਸਗੜ੍ਹ ਵਿਖੇ ਆਯੋਜਿਤ ਹੋਏ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਨਦੀਪ ਕੌਰ ਨੂੰ ਵਧਾਈ ਦਿੱਤੀ ਹੈ।
ਸ. ਸੰਧਵਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਮਨਦੀਪ ਕੌਰ ਨੇ ਛੱਤੀਸਗੜ੍ਹ ਵਿਖੇ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ, ਜੋ ਕਿ ਇਸ ਕੋਟਕਪੂਰਾ ਇਲਾਕੇ ਲਈ ਤੇ ਸੂਬੇ ਲਈ ਮਾਣ ਵਾਲੀ ਗੱਲ ਹੈ।
ਸਪੀਕਰ ਨੇ ਇਸ ਹੋਣਹਾਰ ਬੱਚੀ ਦੀ ਸ਼ਾਨਦਾਰ ਪ੍ਰਾਪਤੀ ‘ਤੇ ਮਾਪਿਆਂ, ਅਧਿਆਪਕਾਂ ਅਤੇ ਕੋਚ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਿਆਂ ਆਸ ਜਤਾਈ ਕਿ ਇਹ ਬੱਚੀ ਭਵਿੱਖ ਵਿੱਚ ਵੀ ਬੁਲੰਦੀਆਂ ਛੂਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਪ੍ਰਾਪਤੀਆਂ ਕਰਨ ਵਾਲੇ ਵੱਖ-ਵੱਖ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਸਿਲਸਿਲਾ ਅੱਗੋਂ ਵੀ ਜਾਰੀ ਰਹੇਗਾ।
ਸ. ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸੇ ਲੜੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੰਗੇ ਖਿਡਾਰੀ ਪੈਦਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਖਿਡਾਰੀਆਂ ਨੂੰ ਨੀਤੀ ਤਹਿਤ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕਰ ਰਹੀ ਹੈ।
