
ਚੰਡੀਗੜ, 25 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬ ਵਿਧਾਨ ਸਭਾ ਸਪੀਕਰ ਨੇ ਪੰਜਾਬ ਨਾਲ ਸਬੰਧਤ ਨਵੇਂ ਚੁਣੇ ਆਈ.ਏ.ਐਸ./ਆਈ.ਆਰ.ਐਸ. ਅਫ਼ਸਰਾਂ, ਜਿਨ੍ਹਾਂ ਨੇ ਹਾਲ ਹੀ ਵਿੱਚ ਯੂ.ਪੀ.ਐਸ.ਸੀ. ਪ੍ਰੀਖਿਆ 2022 ਪਾਸ ਕੀਤੀ ਹੈ, ਨਾਲ ਮੀਟਿੰਗ ਕੀਤੀ। ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੀ ਹਾਜ਼ਰ ਸਨ।

ਸ. ਸੰਧਵਾਂ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਮੁਲਾਕਾਤ ਦੌਰਾਨ ਨੌਜਵਾਨ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਸਮਾਜ ਅਤੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਕਿਹਾ

ਸ. ਸੰਧਵਾਂ ਨੇ ਨੌਜਵਾਨ ਅਧਿਕਾਰੀਆਂ ਨੂੰ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ।

ਨਵੇਂ ਚੁਣੇ ਗਏ ਅਫ਼ਸਰਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਸਪੀਕਰ ਨੇ ਭਰਤੀ ਹੋਏ ਨਵੇਂ ਅਧਿਕਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਨਵੇਂ ਚੁਣੇ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਵਿਵੇਕ ਪ੍ਰਤਾਪ ਸਿੰਘ, ਪੰਜਾਬ ਵਿਧਾਨ ਸਭਾ ਸਕੱਤਰ ਸ੍ਰੀ ਰਾਮ ਲੋਕ ਖਟਾਣਾ ਅਤੇ ਵਧੀਕ ਐਡਵੋਕੇਟ ਜਨਰਲ ਪੰਜਾਬ ਸ੍ਰੀ ਸੁਮਨਦੀਪ ਸਿੰਘ ਵਾਲੀਆ ਵੀ ਹਾਜ਼ਰ ਸਨ।
