ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਭਾਰਤ ਦੇ ਦੋ ਮਹਾਨ ਰਤਨਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਹਾੜੇ ਉੱਤੇ ਸਕੂਲ ਦੇ ਵਿਹੜੇ ਵਿੱਚ ਐਲ ਕੇ ਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹਾਊਸ ਪਿਕਨਿਕ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬੱਚਿਆਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ। ਬੱਚਿਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਕੂਲ ਦੇ ਵਿਹੜੇ ਵਿਚ ਲੱਗੇ ਝੂਲਿਆਂ ਦਾ ਖੂਬ ਆਨੰਦ ਉਠਾਇਆ। ਸਕੂਲੀ ਬੱਚਿਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਵੱਖ-ਵੱਖ ਗੀਤਾਂ ਉੱਤੇ ਨੱਚ ਕੇ ਅਤੇ ਸੈਲਫੀਆਂ ਲੈਂਦੇ ਹੋਏ ਖੂਬ ਮਸਤੀ ਕੀਤੀ। ਬੱਚਿਆਂ ਨੂੰ ਸਮੇਂ ਸਮੇਂ ਉੱਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਸਕੂਲ ਦੇ ਦਿਨਾਂ ਵਿੱਚ ਪਿਕਨਿਕ ਮਨਾਉਣ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਦੋਸਤਾਂ ਦੇ ਨਾਲ ਹਸਨਾ ਖੇਡਣਾ ਜੀਵਨ ਭਰ ਯਾਦ ਰਹਿੰਦਾ ਹੈ । ਇਹ ਉਹ ਮਿੱਠੇ ਪਲ ਹੁੰਦੇ ਹਨ ਜਿਹੜੇ ਕਦੇ ਵੀ ਮੁੜ ਕੇ ਨਹੀਂ ਆਉਂਦੇ। ਪਰ ਸਾਡੀਆਂ ਯਾਦਾਂ ਵਿੱਚ ਹਮੇਸ਼ਾ ਯਾਦ ਰਹਿੰਦੇ ਹਨ।ਸਕੂਲ ਪਿਕਨਿਕ ਬਹੁਤ ਹੀ ਸੁਖਦਾਈ ਮਨੋਰੰਜਕ ਅਤੇ ਗਿਆਨ ਵਰਧਕ ਹੁੰਦੀ ਹੈ। ਪਿਕਨਿਕ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕੁਝ ਮਾਪੇ ਆਪਣੇ ਛੋਟੇ ਬੱਚਿਆਂ ਦੀ ਸੁਰੱਖਿਆ ਤੋਂ ਚਿੰਤਿਤ ਹੋ ਕੇ ਬੱਚਿਆਂ ਨੂੰ ਬਾਹਰ ਕਿਸੇ ਹੋਰ ਥਾਂ ਤੇ ਪਿਕਨਿਕ ਮਨਾਉਣ ਦੀ ਇਜਾਜ਼ਤ ਨਹੀਂ ਦਿੰਦੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਵਿਹੜੇ ਵਿਚ ਹੀ ਹਾਊਸ ਪਿਕਨਿਕ ਦਾ ਪਰਬੰਧ ਕੀਤਾ ਗਿਆ।