12 ਜਨਵਰੀ ਨੂੰ ਠੀਕਰੀਵਾਲਾ ਚੌਕ ਵਿਖੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਸ਼ਹਿਰੀ -ਰਤਨ ਭੋਲਾ/ਹਰਪ੍ਰੀਤ ਮਾਨਸਾ*
ਮਾਨਸਾ, 05 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਵਿਚ ਪ੍ਰਸ਼ਾਸਨ, ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਸਾਰੇ ਯਤਨ ਨਾਕਾਮ ਸਿੱਧ ਹੋ ਰਹੇ ਹਨ, ਸ਼ਹਿਰ ਨਿਵਾਸੀ ਸੀਵਰੇਜ ਸਮੱਸਿਆ ਕਰਕੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਵਾਰਡ ਨੰਬਰ 17 ਤੇ 18 ਦੇ ਵਸਨੀਕਾਂ ਵੱਲੋਂ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਮਾਨਸਾ ਦੀ ਅਗਵਾਈ ਹੇਠ ਗੁਰਦੁਆਰਾ ਡੁੰਮਵਾਲਾ ਸਾਹਿਬ ਨੇੜੇ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਸ਼ਹਿਰੀ ਸਕੱਤਰ ਰਤਨ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਮੌਕੇ ਮਾਨਸਾ ਸ਼ਹਿਰ ਦੀ ਵੱਡੀ ਸਮੱਸਿਆ ਸੀਵਰੇਜ ਸਿਸਟਮ ਦੇ ਪੱਕੇ ਹੱਲ ਕਰਨ ਲਈ ਜ਼ੋ ਬਿਆਨ ਬਾਜੀ ਕਰ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਸੀ,ਪ੍ਰੰਤੂ ਸਥਾਨਕ ਵਿਧਾਇਕ ਮੁੱਖ ਮੰਤਰੀ ਸਾਹਿਬ ਤੋਂ ਸੀਵਰੇਜ ਸਮੱਸਿਆ ਨੂੰ ਹੱਲ ਕਰਵਾਉਣ ਵਿੱਚ ਨਾਕਾਮ ਸਿੱਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀ ਵੱਡੀ ਸਮੱਸਿਆ ਨੂੰ ਫੌਰੀ ਤੌਰ ਹਲਕਾ ਵਿਧਾਇਕ ਕਦਮ ਚੁੱਕਣ ਤੇ ਮੁੱਖ ਮੰਤਰੀ ਦੇ ਵਾਅਦੇ ਨੂੰ ਪੂਰਾ ਕਰਨ।
ਉਹਨਾਂ ਸ਼ਹਿਰੀਆਂ ਨੂੰ ਸੁਚਿਤ ਅਤੇ ਅਪੀਲ ਕੀਤੀ ਕਿ ਕੌਂਸਲਰਾਂ ਤੇ ਸ਼ਹਿਰੀ ਦੀਆਂ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਪੱਕੇ ਹੱਲ ਲਈ ਪਿਛਲੇ 79 ਦਿਨਾਂ ਤੋਂ ਚਲ ਰਹੇ ਰੋਸ ਪ੍ਰਦਰਸ਼ਨ ਵਿਚ ਸਹਿਯੋਗ ਕਰਨ ਅਤੇ ਜਥੇਬੰਦੀਆਂ ਦੇ ਸੱਦੇ ਤੇ 12 ਜਨਵਰੀ ਨੂੰ ਠੀਕਰੀਵਾਲਾ ਚੌਕ ਵਿਖੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਸਥਾਨਕ ਵਿਧਾਇਕ ਦੀ ਅਰਥੀ ਫੂਕ ਪ੍ਰਦਰਸ਼ਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਮਾਨਸ਼ਾਹੀਆ, ਜੱਗਾ ਸਿੰਘ,ਜੋਤ ਸਿੰਘ, ਬਿੱਟੂ ਸਿੰਘ ਅਤੇ ਪ੍ਰੀਤਮ ਸਿੰਘ ਤੋਂ ਇਲਾਵਾ ਔਰਤਾਂ ਤੇ ਨਗਰ ਨਿਵਾਸੀ ਸ਼ਾਮਲ ਸਨ।