
ਬੁਢਲਾਡਾ 16 ਜੂਨ ((ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਰਕਾਰੀ ਆਈ ਟੀ ਆਈ ਅੰਦਰ ਦਾਖਲਿਆ ਲਈ ਕੌਂਸਲਿੰਗ 13 ਜੂਨ ਤੋਂ 1 ਜੁਲਾਈ ਤੱਕ ਹੋਵੇਗੀ। ਇਹ ਦਾਖਲਾ ਕੌਂਸਲਿੰਗ ਵਾਇਜ 30 ਅਗਸਤ ਤੱਕ ਜਾਰੀ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼ਿਵ ਕੁਮਾਰ ਨੇ ਦੱਸਿਆ ਕਿ ਕਰਾਫਟਸਮੈਨ ਸਕੀਮ ਤੋਂ ਇਲਾਵਾ ਸੰਸਥਾ ਵਿਖੇ ਡੀ ਐਸ ਟੀ ਵਿੱਚ ਵੀ ਦਾਖਲਾ ਕੀਤਾ ਜਾਵੇਗਾ। ਇਸ ਤਰ੍ਹਾਂ ਸਿਖਿਆਰਥੀਆਂ ਨੂੰ ਇੰਡਸਟਰੀ ਵਿੱਚ ਨਵੀਂ ਅਤੇ ਆਧੁਨਿਕ ਮਸ਼ੀਨਰੀ ਰਾਂਹੀ ਸਿਖਲਾਈ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਡਰਾਫਟਸਮੈਨ ਸਿਵਲ, ਇਲੈੱਕਟ੍ਰੀਸ਼ਨ, ਫਿਟਰ, ਮਸੀਨਿਸ਼ਟ, ਮਕੈਨਿਕ ਐਗਰੀਕਲਚਰ, ਮਕੈਨਿਕ ਮੋਟਰ ਵਹੀਕਲ, ਮਕੈਨਿਕ ਟਰੈਕਟਰ, ਆਰ ਏ ਸੀ, ਟਰਨਰ, ਵੈਲਡਰ ਅਤੇ ਵੈਲਡਰ ਜੀ ਐਮ ਏ ਡਬਲਯੂ ਅਤੇ ਜੀ ਟੀ ਏ ਡਬਲਯੂ ਵਿੱਚ ਦਾਖਲਾ ਕੀਤਾ ਜਾ ਰਿਹਾ ਹੈ। ਇਹ ਸਾਰੇ ਕੋਰਸ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ। ਪਾਸ ਆਊਟ ਸਿਖਿਆਰਥੀਆਂ ਦੀ ਪਲੇਸਮੈਂਟ 100 ਫ਼ੀਸਦੀ ਕਰਵਾਈ ਜਾਵੇਗੀ। ਸੰਸਥਾ ਵਿਖੇ ਇਸ ਸਮੇਂ ਪਲੇਸਮੈਂਟ ਸੈੱਲ ਅਤੇ ਐਨ ਸੀ ਸੀ ਯੂਨਿਟ ਵੀ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਐਸ ਸੀ ਕੈਟਾਗਿਰੀ ਦੇ ਸਿਖਿਆਰਥੀਆਂ ਲਈ ਕੋਈ ਫ਼ੀਸ ਨਹੀਂ ਹੈ।
