ਲੁਧਿਆਣਾ 16,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਨਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਹੈ। ਲੁਧਿਆਣਾ ਦੇ ਪਿੰਡ ਰਜ਼ਾਪੁਰ ‘ਚ ਸਤਲੁਜ ਦਰਿਆ ਦੇ ਕੰਢੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ 4 ਲੋਕਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਮੌਕੇ ਤੋਂ ਨਾਜਾਇਜ਼ ਮਾਈਨਿੰਗ ਵਿੱਚ ਵਰਤੀ ਜਾਂਦੀ ਮਸ਼ੀਨਰੀ ਅਤੇ ਟਿੱਪਰ ਵੀ ਬਰਾਮਦ ਕੀਤੇ ਗਏ ਹਨ।
ਸੂਤਰਾਂ ਅਨੁਸਾਰ ਇਹ ਕਾਰਵਾਈ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਅਤੇ ਮਾਈਨਿੰਗ ਵਿਭਾਗ ਦੀਆਂ ਟੀਮਾਂ ਨੇ ਦੇਰ ਰਾਤ ਇਹ ਕਾਰਵਾਈ ਕੀਤੀ | ਮੁਲਜ਼ਮਾਂ ਵੱਲੋਂ ਬਿਨਾਂ ਮਨਜ਼ੂਰੀ ਵਾਲੀ ਥਾਂ ’ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।
ਮੌਕੇ ਤੋਂ ਰੇਤ ਦੀ ਖੁਦਾਈ ਲਈ 4 ਪੋਕਲੇਨ ਮਸ਼ੀਨਾਂ ਅਤੇ ਰੇਤ ਢੋਣ ਵਾਲੇ 4 ਟਿੱਪਰ ਬਰਾਮਦ ਕੀਤੇ ਗਏ। ਮਾਮਲੇ ‘ਚ ਕੁੱਲ 6 ਲੋਕ ਨਾਮਜਦ ਕੀਤੇ ਗਏ ਹਨ, ਜਿਨ੍ਹਾਂ ‘ਚੋਂ 4 ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਸਾਈਟ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ ਅਤੇ ਦੋਸ਼ੀ ਇੱਥੇ ਬਾਕਾਇਦਾ ਮਾਈਨਿੰਗ ਨਹੀਂ ਕਰਦੇ ਸਨ ਅਤੇ ਹਰ ਵਾਰ ਜਗ੍ਹਾ ਬਦਲ ਲੈਂਦੇ ਸਨ। ਪੁਲਿਸ ਅਤੇ ਜਨਤਾ ਦੀਆਂ ਨਜ਼ਰਾਂ ਤੋਂ ਬਚਣ ਲਈ ਰਾਤ ਦੇ ਹਨੇਰੇ ਵਿੱਚ ਸਾਰਾ ਕੰਮ ਕੀਤਾ ਗਿਆ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਕਿਹੜੇ-ਕਿਹੜੇ ਅਧਿਕਾਰੀ ਮੁਲਜ਼ਮਾਂ ਦਾ ਸਾਥ ਦਿੰਦੇ ਸਨ। ਜਿਸ ਦੇ ਖਿਲਾਫ ਥਾਣਾ ਲਾਡੋਵਾਲ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।