
ਬੋਹਾ 03,ਅਪ੍ਰੈਲ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ )- ਕੋਰੋਨਾ ਦੀ ਮੁੜ ਆਮਦ ਨੂੰ ਦੇਖਦਿਆਂ ਇੱਕ ਵਾਰ ਫਿਰ ਤੋਂ ਬੰਦ ਕੀਤੇ ਗਏ ਸਕੂਲਾਂ ਕਾਰਨ ਮਾਪਿਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ।ਇਸੇ ਤਹਿਤ ਨੇੜਲੇ ਪਿੰਡ ਹਾਕਮਵਾਲਾ ਵਿਖੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ।ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਨੰਦਗਡ਼੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਮੇਲ ਸਿੰਘ ਮੇਲਾ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਜਗਬੀਰ ਸਿੰਘ ਹਾਕਮਵਾਲਾ ਸੀਪੀਆਈ ਐਮਐਲ ਲਿਬਰੇਸ਼ਨ ਦੇ ਜਗਤਾਰ ਸਿੰਘ ਤਾਰਾ ਆਦਿ ਨੇ ਆਖਿਆ ਕੇ ਪੰਜਾਬ ਸਰਕਾਰ ਦਾ ਸਕੂਲ ਬੰਦ ਕਰਨ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਇਸ ਨਾਲ ਸਕੂਲੀ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ ।ਬੁਲਾਰਿਆਂ ਨੇ ਆਖਿਆ ਕਿ ਜੇਕਰ ਕੋਰੋਨਾ ਦੀ ਕੋਈ ਆਮਦ ਹੁੰਦੀ ਤਾਂ ਦਿੱਲੀ ਦੇ ਸੰਘਰਸ਼ ਵਿਚ ਕਿੰਨੇ ਹੀ ਕਿਸਾਨ ਜੁੜੇ ਹੋਏ ਹਨ ਇਸ ਤੋਂ ਇਲਾਵਾ ਨੇਡ਼ੇ ਤੇਡ਼ੇ ਮੇਲੇ ਰੈਲੀਆਂ ਆਦਿ ਹੋ ਰਹੇ ਹਨ ਉੱਥੇ ਵੀ ਕੋਰੋਨਾ ਦਾ ਕੋਈ ਅਸਰ ਨਹੀਂ ਹੈ ਫਿਰ ਸਕੂਲਾਂ ਵਿਚ ਕੋਰੋਨਾ ਦਾ ਅਸਰ ਕਿਵੇਂ ਹੋਵੇਗਾ ।ਹਾਜ਼ਰ ਵਿਦਿਆਰਥੀਆਂ ਤੇ ਮਾਪਿਆਂ ਸਮੇਤ ਜਥੇਬੰਦੀ ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਸਕੂਲ ਬੰਦ ਕਰਨ ਦਾ ਫ਼ੈਸਲਾ ਨਾ ਬਦਲਿਆ ਤਾਂ ਮਾਪੇ ਖ਼ੁਦ ਆਪਣੀ ਜ਼ਿੰਮੇਵਾਰੀ ਤੇ ਸਕੂਲ ਖੁਲਵਾਉਣਗੇ ਅਤੇ ਬੱਚਿਆਂ ਨੂੰ ਸਕੂਲ ਭੇਜਣਗੇ ਅਤੇ ਇਸ ਵਿਚ ਜੇਕਰ ਸਰਕਾਰ ਨੇ ਕੋਈ ਅੜਿੱਕਾ ਲਗਾਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ ਮਜ਼ਦੂਰ ਆਗੂ ਮੱਖਣ ਸਿੰਘ ਉੱਡਤ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਓਂਕਾਰ ਸਿੰਘ ਕਿਸਾਨ ਆਗੂ ਮਨਜੀਤ ਸਿੰਘ ਮੰਨਾ ਆਦਿ ਮੌਜੂਦ ਸਨ ।
