*ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਪੱਤਰਕਾਰਾਂ ਨਾਲ ਵੀ ਧੱਕਾ-ਮੁੱਕੀ*

0
23

ਚੰਡੀਗੜ੍ਹ/ ਅੰਮ੍ਰਿਤਸਰ  05,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਨੇੜੇ ਸ਼ਰਧਾਲੂਆਂ ਲਈ ਨਵੇਂ ਜੋੜਾ ਘਰ ਦੀ ਉਸਾਰੀ ਕੀਤੀ ਜਾ ਰਹੀ ਹੈ ਪਰ ਕੁਝ ਸਿੱਖ ਜਥੇਬੰਦੀਆਂ ਤੇ ਕਾਰਕੁਨ ਇਹ ਨਿਰਮਾਣ ਕਾਰਜ ਰੁਕਵਾਉਣ ਲਈ ਦਬਾਅ ਪਾ ਰਹੇ ਹਨ। ਕੱਲ੍ਹ ਬੁੱਧਵਾਰ ਨੂੰ ਸਿੱਖ ਕਾਰਕੁਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟਾਸਕ ਫੋਰਸ ਵਿਚਾਲੇ ਝੜਪ ਹੋਈ। ਇੱਕ ਮਹੀਨੇ ’ਚ ਇਸ ਮੁੱਦੇ ਨੂੰ ਲੈ ਕੇ ਧੱਕਾ-ਮੁੱਕੀ ਦੀ ਇਹ ਦੂਜੀ ਵਾਰਦਾਤ ਸੀ। ਉਂਝ ਕੱਲ੍ਹ ਦੀ ਵਾਰਦਾਤ ’ਚ ਕੋਈ ਜ਼ਖ਼ਮੀ ਨਹੀਂ ਹੋਇਆ।

 

ਬੀਤੀ 16 ਜੁਲਾਈ ਨੂੰ ਕੁਝ ਸਿੱਖ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣਾਈਆਂ ਜਾ ਰਹੀਆਂ ਸੁਰੰਗਾਂ ਵਰਗੇ ਜ਼ਮੀਨਦੋਜ਼ (ਅੰਡਰਗ੍ਰਾਊਂਡ) ਢਾਂਚਿਆਂ ਨੂੰ ਕੰਕ੍ਰੀਟ ਨਾਲ ਭਰਨ ਦੀ ਕੋਸ਼ਿਸ਼ ਕੀਤੀ ਸੀ। ਤਦ ਵੀ ਝੜਪ ਹੋ ਗਈ ਸੀ। ਦਰਅਸਲ, ਇਹ ਸੁਰੰਗਾਂ ਵਰਗੇ ਢਾਂਚੇ ਪੁਟਾਈ ਦੌਰਾਨ ਸਾਹਮਣੇ ਆਏ ਸਨ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ‘ਸੁਰੰਗਾਂ’ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਸ ਤੋਂ ਬਾਅਦ ਹੀ ‘ਸਿੱਖ ਸਦਭਾਵਨਾ ਦਲ’ ਦੇ ਕੁਝ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋੜਾ ਘਰ ਦਾ ਨਿਰਮਾਣ ਕਾਰਜ ਰੋਕਣ ਲਈ ਆਖਿਆ ਸੀ।

 

ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ ਕੱਲ੍ਹ ਬੁੱਧਵਾਰ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੇ ਦਲ ਦਾ ਇੱਕ ਜੱਥਾ ਪੁੱਜਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਨਵੇਂ ਜੋੜਾ ਘਰ ਦਾ ਨਿਰਮਾਣ ਰੁਕਵਾਉਣਾ ਜ਼ਰੂਰੀ ਹੈ।

ਦੱਸ ਦਈਏ ਕਿ ਕੱਲ੍ਹ ਜਦੋਂ ਕੁਝ ਸਿੱਖਾਂ ਦਾ ਜੱਥਾ ਨਵੇਂ ਜੋੜਾ ਘਰ ਵਾਲੀ ਥਾਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਪੰਜਾਬ ਪੁਲਿਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਉੱਥੇ ਜਾਣ ਤੋਂ ਵਰਜ ਦਿੱਤਾ ਸੀ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਕੁਝ ਸਿੱਖ ਕਾਰਕੁਨ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਨਿਰਮਾਣ ਕਾਰਜ ਨੂੰ ਰੁਕਵਾਉਣ ਲਈ ਉੱਥੇ ਪੁੱਜ ਹੀ ਗਏ ਸਨ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਡੀ ਗਿਣਤੀ ’ਚ ਮੌਜੁਦ ਸਨ। ਉੱਥੇ ਦੋਵੇਂ ਧਿਰਾਂ ਵਿਚਾਲੇ ਮਾਮੂਲੀ ਝੜਪ ਹੋ ਗਈ ਸੀ।

ਮੌਕੇ ’ਤੇ ਮੌਜੂਦ ਕੁਝ ਪੱਤਰਕਾਰਾਂ ਨਾਲ ਵੀ ਕਥਿਤ ਤੌਰ ’ਤੇ ਧੱਕਾ-ਮੁੱਕੀ ਹੋਈ ਦੱਸੀ ਜਾਂਦੀ ਹੈ। ਦੋਸ਼ ਹੈ ਕਿ SGPC ਦੀ ਟਾਸਕ ਫ਼ੋਰਸ ਨੇ ਪੱਤਰਕਾਰਾਂ ਨੂੰ ਧੱਕੇ ਮਾਰੇ ਸਨ; ਜਿਨ੍ਹਾਂ ਵਿੱਚੋਂ ਇੱਕ ਪਲਵਿੰਦਰ ਕੌਰ ਵੀ ਸ਼ਾਮਲ ਸੀ। ਦੋਸ਼ ਹੈ ਕਿ ਟਾਸਕ ਫ਼ੋਰਸ ਦੇ ਮੈਂਬਰਾਂ ਪਲਵਿੰਦਰ ਕੌਰ ਤੋਂ ਉਨ੍ਹਾਂ ਦਾ ਮੋਬਾਈਲ ਫ਼ੋਨ ਖੋਹ ਲਿਆ ਸੀ।

LEAVE A REPLY

Please enter your comment!
Please enter your name here