
ਚੰਡੀਗੜ 14 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਭਾਵ ਦਾ ਧਿਆਨ ਰੱਖਦੇ ਹੋਏ ਐਲਾਨ ਕੀਤਾ ਹੈ ਕਿ ਅਗਲੇ 15 ਦਿਨਾਂ ਲਈ ਪਾਰਟੀ ਦੇ ਸਾਰੇ ਰਾਜਨੀਤਕ ਪ੍ਰੋਗਰਾਮ ਮੁਲਤਵੀ ਰਹਿਣਗੇ।
ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਜਨਤਾ ਅਤੇ ਵਰਕਰਾਂ ਦੀ ਸਿਹਤ ਨੂੰ ਧਿਆਨ ਵਿੱਚ ਲੈ ਕੇ ਅਤੇ ਮਾਹਰ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਅੱਜ ਲਏ ਫੈਸਲੇ ਸਬੰਧੀ ਜਾਣਕਾਰੀ ਸਮੁੱਚੇ ਕੇਡਰ ਨੂੰ ਭੇਜ ਦਿੱਤੀ ਗਈ ਹੈ ਅਤੇ ਪਾਰਟੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਸਾਰਿਆਂ ਦੀ ਸਿਹਤ ਦੇ ਮੱਦੇਨਜ਼ਰ ਆਉਂਦੇ 15 ਦਿਨਾਂ ਤੱਕ ਪਾਰਟੀ ਦਾ ਕੋਈ ਵੀ ਸਿਆਸੀ ਪ੍ਰੋਗਰਾਮ ਨਹੀਂ ਹੋਵੇਗਾ ਅਤੇ ਪਾਰਟੀ ਦੇ ਹੈਡ ਆਫਿਸ ਅਤੇ ਜ਼ਿਲ੍ਹਾ ਪੱਧਰ ਉਪਰ ਵੀ ਕਿਸੇ ਤਰਾਂ ਦੀ ਕੋਈ ਪਬਲਿਕ ਮੀਟਿੰਗ ਜਾਂ ਜਲਸਾ/ਧਰਨਾ ਵਗੈਰਾ ਨਹੀਂ ਕੀਤਾ ਜਾਵੇਗਾ। ਸਮੂਹ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਪਾਰਟੀ ਪ੍ਰਧਾਨ ਦੀ ਅਪੀਲ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ।
ਚੀਮਾ ਨੇ ਕਿਹਾ ਕਿ ” ਪੰਜਾਬ ਦੀ ਕਾਂਗਰਸ ਸਰਕਾਰ ਨੇ ਬੀਤੇ ਦਿਨ ਹੀ ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਰੋਕਨ ਲਈ ਨਵੀਆਂ ਗਾਈਡਲਾਈਨਸ ਜਾਰੀ ਕਰ ਦਿਤੀਆਂ।ਪਰ ਕਾਂਗਰਸ ਦੇ ਹੀ ਮੰਤਰੀ ਵਿਧਾਇਕ ਅਤੇ ਵਰਕਰ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। “-
ਅਕਾਲੀ ਦਲ ਨੇ ਕਾਂਗਰਸ ਸਰਕਾਰ ਤੇ ਦੋਹਰੇ ਮਾਪਦੰਡ ਅਪਨਾਉਣ ਦੇ ਆਰੋਪ ਲਾਏ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ” ਸਰਕਾਰ ਪੰਜਾਬ ਦੇ ਲਈ ਨਵੇਂ ਨਿਯਮ ਜਾਰੀ ਕਰਦੀ ਹੈ ਪਰ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਚੰਡੀਗੜ ‘ਚ ਆ ਕੇ ਪ੍ਰੈਸ ਕਾਨਫਰੰਸਾਂ ਕਰਦੇ ਅਤੇ ਝੂਠ ਤੁਫਾਨ ਤੋਲਦੇ ਹਨ। ਕਿ ਉਨ੍ਹਾਂ ਨੂੰ ਪਤਾ ਕਿ ਉਨ੍ਹਾਂ ਦੀ ਸਰਕਾਰ ਨੇ ਕੀ ਨਿਯਮ ਜਾਰੀ ਕੀਤੇ ਹਨ।ਕਾਂਗਰਸ ਦੇ ਪੰਜਾਬ ਪ੍ਰਧਾਨ ਚੰਡੀਗੜ ‘ਚ ਕਿਉਂ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਨ੍ਹਾਂ ਪ੍ਰੈਸ ਕਾਨਫਰੰਸਾਂ ਵਿੱਚ ਬੇਹਿਸਾਬਾ ਇਕਠ ਸੀ। ਇਹ ਸਰਕਾਰ ਦੋਹਰੇ ਮਾਪਦੰਡਾਂ ਨਾਲ ਚਲ ਰਹੀ ਹੈ। ਜੇ ਕੋਈ ਹੋਰ ਇਕਠ ਕਰਦਾ ਹੈ ਤਾਂ ਉਨ੍ਹਾਂ ਤੇ ਪਰਚੇ ਦਰਜ ਹੋ ਜਾਂਦੇ ਹਨ। “-
