ਮਾਨਸਾ 01,ਜੁਲਾਈ (ਸਾਰਾ ਯਹਾਂ/ਰੀਤਵਾਲ) ਅਜੋਕੇ ਦੌਰ ਵਿੱਚ ਵਿਗਿਆਨਿਕ ਤਕਨੀਕਾਂ ਦਿਨੋਂ ਦਿਨ ਤਰੱਕੀ ਕਰ
ਰਹੀਆਂ ਹਨ, ਜੇਕਰ ਅੱਜ ਦੇ ਸਮੇਂ ਨੂੰ ਵੱਟਸਐਪ ਅਤੇ ਫੇਸਬੁੱਕ ਦਾ ਸਮਾਂ ਕਹਿ ਲਿਆ
ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਜਿਸ ਦਾ ਹਰ ਵਿਅਕਤੀ ਨੂੰ ਬਹੁਤ
ਜਿਆਦਾ ਲਾਭ ਮਿਲ ਰਿਹਾ ਹੈ। ਸੁਨੇਹੇ ਭੇਜਣੇ ,ਇੱਕ ਦੂਜੇ ਨੂੰ ਜਾਣਕਾਰੀ ਮੁਹੱਈਆ
ਕਰਵਾਉਣੀ ਇਹ ਸਭ ਪਲ ਦੇ ਵਿੱਚ ਹੋ ਜਾਂਦਾ ਹੈ । ਜਿਸ ਨਾਲ ਵਿਅਕਤੀ ਦਾ ਬਹੁਤ ਜਿਆਦਾ
ਕੀਮਤੀ ਸਮਾਂ ਬਚ ਜਾਂਦਾ ਹੈ।ਇੱਕ ਆਮ ਕਹਾਵਤ ਵਾਂਗ “ਜਿੱਥੇ ਫੁੱਲ ਹੈ ਕੰਡੇ ਵੀ
ਉੱਥੇ ਹੀ ਦੇਖਣ ਨੂੰ ਮਿਲਦੇ ਹਨ” ਠੀਕ ਉਸੇ ਤਰਾਂ ਅੱਜ ਦੇ ਇਸ ਤਕਨੀਕੀ ਦੌਰ ਵਿੱਚ
ਤਕਨੀਕ ਦੀ ਵਰਤੋਂ ਕਰਕੇ ਕੁਝ ਗੈਰ ਨਿਯਮੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਭਾਰਤ ਦਾ ਹਰ ਵਸਨੀਕ ਅੱਜ ਮੋਬਾਇਲ ਨਾਲ ਜੁੜਿਆ ਹੋਇਆ ਹੈ ਅਤੇ ਸ਼ੋਸਲ ਮੀਡੀਏ ਦੀ
ਵੱਧ ਰਹੀ ਵਰਤੋਂ ਨੇ ਆਮ ਵਿਅਕਤੀ ਦਾ ਜੀਵਨ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ, ਬੱਚੇ
ਆਪਣੇ ਮਾਤਾ-ਪਿਤਾ ਨੂੰ ਸਮਾਂ ਦੇਣ ਦੀ ਥਾਂ ਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ
ਖੇਡ ਮੈਦਾਨਾਂ ਵਿੱਚ ਖੇਡਣ ਦੀ ਬਜਾਏ ਜਿਆਦਾ ਸਮਾਂ ਮੋਬਾਇਲ ਦੀ ਵਰਤੋ ਕਰਨ ਵਿੱਚ
ਵਿਅਸਤ ਰਹਿੰਦੇ ਹਨ । ਕਈ ਲੋਕ ਠੀਕ ਜਾਂ ਗਲਤ ਦੀ ਪਛਾਣ ਕੀਤੇ ਬਿਨ੍ਹਾਂ ਕਿਸੇ ਤਰਾਂ੍ਹ ਦਾ
ਵੀ ਕੁਮੈਂਟ ਕਰਨ ਲੱਗਿਆ ਕੋਈ ਝਿਜਕ ਮਹਿਸੂਸ ਨਹੀਂ ਕਰਦੇ । ਜਿਸਦਾ ਬਾਅਦ ਵਿੱਚ
ਉਨ੍ਹਾਂ ਨੂੰ ਨਤੀਜਾ ਭੁਗਤਣਾ ਪੈਂਦਾ ਹੈ । ਦੇਖਣ ਵਿੱਚ ਇਹ ਵੀ ਆਇਆ ਹੈ ਕਿ
ਜਦੋ ਸੜਕ ਤੇ ਕੋਈ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤਾਂ ਕੁਝ ਲੋਕ ਪੀੜਤ ਨੂੰ
ਸਾਂਭਣ ਦੀ ਥਾਂ ਉਸ ਦੀਆਂ ਫੋਟੋਆਂ ਫਟਾਫਟ ਐਪਸ ਤੇ ਪਾਉਣ ਨੂੰ ਹੀ ਬਹਾਦਰੀ
ਸਮਝਦੇ ਹਨ । ਕਈ ਵਾਰ ਫੋਨ ਕਾਲ ਰਿਕਾਰਡ ਕਰਕੇ ਜਾਂ ਗੁਪਤ ਵੀਡੀਓ ਬਣਾ ਕੇ ਬਲੈਕਮੇਲ ਕਰਨ
ਦੀ ਬੁਣਤ ਵੀ ਬੁਣੀ ਜਾਂਦੀ ਹੈ । ਅਪਨਾ ਕਲੱਬ ਤੇ ਡਾ: ਭੀਮ ਰਾਓ ਅੰਬੇਡਕਰ ਯੂਥ ਕਲੱਬ
ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ
ਸ਼ੋਸਲ ਮੀਡੀਆ ਦੀ ਕੀਤੀ ਜਾ ਰਹੀ ਗਲਤ ਵਰਤੋ ਕਰਨ ਵਾਲਿਆਂ ਤੇ ਸਖਤੀ ਨਾਲ ਕਾਰਵਾਈ ਕਰਨੀ
ਚਾਹੀਦੀ ਹੈ ਤਾਂ ਜੋ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਜਲੀਲ ਨਾ ਕੀਤਾ ਜਾ ਸਕੇ ।